2 ਸਾਲ ਬਾਅਦ 27 ਮਾਰਚ ਤੋਂ ਮੁੜ ਸ਼ੁਰੂ ਹੋਣਗੀਆਂ ਨਿਯਮਤ ਵਪਾਰਕ ਅੰਤਰਰਾਸ਼ਟਰੀ ਉਡਾਣਾਂ
ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਕਰਨੀ ਪਵੇਗੀ ਪਾਲਣਾ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦਿੱਤੀ ਜਾਣਕਾਰੀ
ਨਵੀਂ ਦਿੱਲੀ : ਕੋਰੋਨਾ ਕਾਲ ਦੌਰਾਨ ਬੰਦ ਹੋਈਆਂ ਉਡਾਣਾਂ ਨੂੰ ਮੁੜ ਖੋਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੋ ਸਾਲਾਂ ਬਾਅਦ, 27 ਮਾਰਚ 2022 ਤੋਂ ਭਾਰਤ ਵਿੱਚ ਨਿਯਮਤ ਵਪਾਰਕ ਅੰਤਰਰਾਸ਼ਟਰੀ ਉਡਾਣਾਂ ਦੁਬਾਰਾ ਸ਼ੁਰੂ ਹੋਣਗੀਆਂ।
ਇਹ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸਾਂਝੀ ਕੀਤੀ ਹੈ। ਇਸ ਤੋਂ ਪਹਿਲਾਂ 28 ਫਰਵਰੀ ਨੂੰ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ (ਡੀਜੀਸੀਏ) ਨੇ ਨਿਯਮਤ ਵਪਾਰਕ ਅੰਤਰਰਾਸ਼ਟਰੀ ਯਾਤਰੀ ਉਡਾਣਾਂ 'ਤੇ ਪਾਬੰਦੀ ਨੂੰ ਅਗਲੇ ਹੁਕਮਾਂ ਤੱਕ ਵਧਾ ਦਿੱਤਾ ਸੀ।
ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਨ 23 ਮਾਰਚ 2020 ਤੋਂ ਕੌਮਾਂਤਰੀ ਉਡਾਣਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ, ਏਅਰ ਬਬਲ ਪ੍ਰਬੰਧਾਂ ਤਹਿਤ ਜੁਲਾਈ 2020 ਤੋਂ ਭਾਰਤ ਅਤੇ ਲਗਭਗ 35 ਮੁਲਕਾਂ ਵਿਚਾਲੇ ਵਿਸ਼ੇਸ਼ ਕੌਮਾਂਤਰੀ ਉਡਾਣਾਂ ਚੱਲ ਰਹੀਆਂ ਹਨ। ਜਿਨ੍ਹਾਂ ਵਿਚ ਅਫਗਾਨਿਸਤਾਨ, ਆਸਟ੍ਰੇਲੀਆ, ਬਹਿਰੀਨ, ਬੰਗਲਾਦੇਸ਼, ਭੂਟਾਨ, ਕੈਨੇਡਾ, ਇਥੋਪੀਆ, ਫਿਨਲੈਂਡ, ਫਰਾਂਸ, ਜਰਮਨੀ, ਇਰਾਕ, ਜਾਪਾਨ, ਕਜ਼ਾਕਿਸਤਾਨ, ਕੀਨੀਆ, ਕੁਵੈਤ, ਮਾਲਦੀਵ, ਮਾਰੀਸ਼ਸ, ਨੇਪਾਲ, ਨੀਦਰਲੈਂਡ, ਨਾਲ ਏਅਰ ਬਬਲ ਸਮਝੌਤੇ 'ਤੇ ਦਸਤਖਤ ਕੀਤੇ ਹਨ।
ਨਾਈਜੀਰੀਆ, ਓਮਾਨ, ਕਤਰ, ਰੂਸ, ਰਵਾਂਡਾ, ਸਾਊਦੀ ਅਰਬ, ਸੇਸ਼ੇਲਸ, ਸਿੰਗਾਪੁਰ, ਸ਼੍ਰੀਲੰਕਾ, ਸਵਿਟਜ਼ਰਲੈਂਡ, ਤਨਜ਼ਾਨੀਆ, ਯੂਕਰੇਨ, ਸੰਯੁਕਤ ਅਰਬ ਅਮੀਰਾਤ, ਯੂਨਾਈਟਿਡ ਕਿੰਗਡਮ, ਯੂਐਸਏ ਅਤੇ ਉਜ਼ਬੇਕਿਸਤਾਨ ਨਾਲ ਹਸਤਾਖਰ ਕੀਤੇ ਗਏ ਹਨ। ਇਸ ਦੇ ਨਾਲ ਹੀ ਮੰਤਰਾਲੇ ਨੇ ਕਿਹਾ ਕਿ ਅੰਤਰਰਾਸ਼ਟਰੀ ਸੰਚਾਲਨ ਅੰਤਰਰਾਸ਼ਟਰੀ ਯਾਤਰਾ ਲਈ ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਦੇ ਅਧੀਨ ਹੋਣਗੇ।