ਜੇਲ੍ਹ ਅਧਿਕਾਰੀਆਂ ਨੇ 'ਆਪ' ਦੇ ਦੋਸ਼ਾਂ ਨੂੰ ਕੀਤਾ ਖਾਰਜ, ਕਿਹਾ- ਸਿਸੋਦੀਆ ਨੂੰ ਵੱਖਰੇ "ਵਾਰਡ" ਵਿਚ ਰੱਖਿਆ ਗਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੇਲ੍ਹ ਪ੍ਰਸ਼ਾਸਨ ਨੇ ਇਹ ਜਵਾਬ 'ਆਪ' ਸੰਸਦ ਮੈਂਬਰ ਸੰਜੇ ਸਿੰਘ ਅਤੇ ਵਿਧਾਇਕ ਸੌਰਭ ਭਾਰਦਵਾਜ ਦੇ ਬਿਆਨਾਂ ਤੋਂ ਬਾਅਦ ਜਾਰੀ ਕੀਤਾ ਹੈ

Manish Sisodia

ਨਵੀਂ ਦਿੱਲੀ - ਆਮ ਆਦਮੀ ਪਾਰਟੀ (ਆਪ) ਵੱਲੋਂ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਦਿੱਲੀ ਜੇਲ੍ਹ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਤਿਹਾੜ ਦੀ ਕੇਂਦਰੀ ਜੇਲ੍ਹ ਨੰਬਰ ਦੇ ਇੱਕ ਵਾਰਡ ਵਿਚ ਰੱਖਿਆ ਗਿਆ ਹੈ।  ਜਿੱਥੇ ਘੱਟ ਤੋਂ ਘੱਟ ਕੈਦੀ ਹਨ ਅਤੇ ਕੋਈ ਗੈਂਗਸਟਰ ਨਹੀਂ ਹੈ।

ਜੇਲ੍ਹ ਪ੍ਰਸ਼ਾਸਨ ਨੇ ਇਹ ਜਵਾਬ 'ਆਪ' ਸੰਸਦ ਮੈਂਬਰ ਸੰਜੇ ਸਿੰਘ ਅਤੇ ਵਿਧਾਇਕ ਸੌਰਭ ਭਾਰਦਵਾਜ ਦੇ ਬਿਆਨਾਂ ਤੋਂ ਬਾਅਦ ਜਾਰੀ ਕੀਤਾ ਹੈ। ਭਾਰਦਵਾਜ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਸਿਸੋਦੀਆ ਨੂੰ ਹੋਰ ਕੈਦੀਆਂ ਦੇ ਨਾਲ ਤਿਹਾੜ ਜੇਲ 'ਚ ਰੱਖਿਆ ਗਿਆ ਸੀ ਅਤੇ 'ਵਿਪਾਸਨਾ ਸੈੱਲ' ਤੱਕ ਪਹੁੰਚ ਕਰਨ ਤੋਂ ਇਨਕਾਰ ਕੀਤਾ ਗਿਆ ਸੀ।

ਭਾਰਦਵਾਜ ਨੇ ਕਿਹਾ, “ਮਨੀਸ਼ ਸਿਸੋਦੀਆ ਨੂੰ ਜੇਲ੍ਹ ਦੇ ਵਿਪਾਸਨਾ ਸੈੱਲ ਵਿਚ ਰੱਖਣ ਦੀ ਬੇਨਤੀ ਕੀਤੀ ਗਈ ਸੀ ਅਤੇ ਅਦਾਲਤ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਸੀ, ਪਰ ਫਿਰ ਵੀ ਉਨ੍ਹਾਂ ਨੂੰ ਜੇਲ੍ਹ ਵਿੱਚ ਅਪਰਾਧੀਆਂ ਨਾਲ ਰੱਖਿਆ ਜਾ ਰਿਹਾ ਹੈ। ਕੇਂਦਰ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ। 'ਆਪ' ਆਗੂਆਂ ਦੇ ਬਿਆਨਾਂ ਦੇ ਜਵਾਬ 'ਚ ਜੇਲ ਪ੍ਰਸ਼ਾਸਨ ਨੇ ਕਿਹਾ, ''ਮਨੀਸ਼ ਸਿਸੋਦੀਆ ਨੂੰ ਸੁਰੱਖਿਆ ਦੇ ਮੱਦੇਨਜ਼ਰ ਵੱਖਰੇ ਵਾਰਡ 'ਚ ਰੱਖਿਆ ਗਿਆ ਹੈ। ਇਸ ਵਾਰਡ 'ਚ ਕੈਦੀਆਂ ਦੀ ਗਿਣਤੀ ਸਭ ਤੋਂ ਘੱਟ ਹੈ ਅਤੇ ਉਹ ਅਪਰਾਧੀ ਨਹੀਂ ਹਨ ਅਤੇ ਉਹਨਾਂ ਦਾ ਵਿਵਹਾਰ ਵੀ ਠੀਕ ਹੈ। 

ਜੇਲ੍ਹ ਅਧਿਕਾਰੀਆਂ ਮੁਤਾਬਕ ਵੱਖਰਾ ਸੈੱਲ ਹੋਣ ਨਾਲ ਉਹ ਬਿਨਾਂ ਕਿਸੇ ਪਰੇਸ਼ਾਨੀ ਦੇ ਮੈਡੀਟੇਸ਼ਨ ਕਰ ਸਕਦੇ ਹਨ ਜਾਂ ਇਸ ਤਰ੍ਹਾਂ ਦੀਆਂ ਹੋਰ ਗਤੀਵਿਧੀਆਂ 'ਚ ਸ਼ਾਮਲ ਹੋ ਸਕਦੇ ਹਨ। ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜੇਲ੍ਹ ਦੇ ਨਿਯਮਾਂ ਅਨੁਸਾਰ ਸਾਰੇ ਪ੍ਰਬੰਧ ਕੀਤੇ ਗਏ ਹਨ।  ਸਿਸੋਦੀਆ ਨੂੰ ਸੀਬੀਆਈ ਨੇ ਆਬਕਾਰੀ ਨੀਤੀ ਘੁਟਾਲੇ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ ਅਤੇ ਫਿਲਹਾਲ ਉਹ ਨਿਆਂਇਕ ਹਿਰਾਸਤ ਵਿਚ ਹਨ।