Delhi News: ਨਮਾਜ਼ੀਆਂ ਨੂੰ ‘ਲੱਤ ਮਾਰਨ’ ਵਾਲਾ ਸਬ-ਇੰਸਪੈਕਟਰ ਮੁਅੱਤਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਪੁਲਿਸ ਨੇ ਇੰਦਰਲੋਕ ’ਚ ਵਾਪਰੀ ਘਟਨਾ, ਵੀਡੀਉ ਵਾਇਰਲ

Delhi cop suspended for 'kicking' man offering Namaz

Delhi News: ਦਿੱਲੀ ਪੁਲਿਸ ਨੇ ਉੱਤਰੀ ਦਿੱਲੀ ਦੇ ਇੰਦਰਲੋਕ ਇਲਾਕੇ ’ਚ ਇਕ ਸੜਕ ’ਤੇ ਨਮਾਜ਼ ਅਦਾ ਕਰ ਰਹੇ ਕੁੱਝ ਲੋਕਾਂ ਨੂੰ ਕਥਿਤ ਤੌਰ ’ਤੇ ਲੱਤ ਮਾਰਨ ਵਾਲੇ ਇਕ ਸਬ-ਇੰਸਪੈਕਟਰ ਨੂੰ ਸ਼ੁਕਰਵਾਰ ਨੂੰ ਮੁਅੱਤਲ ਕਰ ਦਿਤਾ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।

ਇਹ ਘਟਨਾ ਸ਼ੁਕਰਵਾਰ ਦੀ ਨਮਾਜ਼ ਦੌਰਾਨ ਇੰਦਰਲੋਕ ਮੈਟਰੋ ਸਟੇਸ਼ਨ ਨੇੜੇ ਦੁਪਹਿਰ 2 ਵਜੇ ਦੇ ਕਰੀਬ ਵਾਪਰੀ। ਇਸ ਘਟਨਾ ਦੇ ਵਿਰੋਧ ’ਚ ਸਥਾਨਕ ਲੋਕਾਂ ਨੇ ਪੁਲਿਸ ਮੁਲਾਜ਼ਮ ਵਿਰੁਧ ਕਾਰਵਾਈ ਦੀ ਮੰਗ ਕਰਦਿਆਂ ਸੜਕ ਜਾਮ ਕਰ ਦਿਤੀ। ਕਾਨੂੰਨ ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਸੁਰੱਖਿਆ ਵਧਾ ਦਿਤੀ ਗਈ ਹੈ।

ਕਥਿਤ ਕਾਰਵਾਈ ਦਾ ਇਕ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ। ਕਥਿਤ ਵੀਡੀਉ ’ਚ ਇਕ ਸਬ-ਇੰਸਪੈਕਟਰ ਨੂੰ ਸੜਕ ’ਤੇ ਨਮਾਜ਼ ਅਦਾ ਕਰਦੇ ਹੋਏ ਲੋਕਾਂ ਨੂੰ ਲੱਤ ਮਾਰਦੇ ਹੋਏ ਵੇਖਿਆ ਜਾ ਸਕਦਾ ਹੈ। ਪੁਲਿਸ ਡਿਪਟੀ ਕਮਿਸ਼ਨਰ (ਉੱਤਰੀ) ਐਮ.ਕੇ. ਮੀਨਾ ਨੇ ਕਿਹਾ, ‘‘ਅੱਜ ਦੀ ਘਟਨਾ ’ਚ ਵੀਡੀਉ ’ਚ ਵਿਖਾਈ ਦੇ ਰਹੇ ਪੁਲਿਸ ਚੌਕੀ ਇੰਚਾਰਜ ਨੂੰ ਤੁਰਤ ਪ੍ਰਭਾਵ ਨਾਲ ਮੁਅੱਤਲ ਕਰ ਦਿਤਾ ਗਿਆ ਹੈ। ਲੋੜੀਂਦੀ ਅਨੁਸ਼ਾਸਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ।’’

ਮੀਨਾ ਨੇ ਦਸਿਆ ਕਿ ਜਿਵੇਂ ਹੀ ਇਹ ਘਟਨਾ ਸਾਹਮਣੇ ਆਈ, ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ। ਇਕ ਅਧਿਕਾਰੀ ਨੇ ਦਸਿਆ ਕਿ ਇਸ ਤੋਂ ਪਹਿਲਾਂ ਡੀ.ਸੀ.ਪੀ. ਨੇ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਤਾ ਕਿ ਦੋਸ਼ੀਆਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ।

ਦੂਜੇ ਪਾਸੇ ਦਿੱਲੀ ਕਾਂਗਰਸ ਨੇ ‘ਐਕਸ’ ’ਤੇ ਇਕ ਪੋਸਟ ਵਿਚ ਇਸ ਘਟਨਾ ਨੂੰ ਸ਼ਰਮਨਾਕ ਦਸਿਆ। ਪਾਰਟੀ ਨੇ ਟਵੀਟ ਕੀਤਾ, ‘‘ਬਹੁਤ ਸ਼ਰਮਨਾਕ! ਦਿੱਲੀ ਪੁਲਿਸ ਦੇ ਜਵਾਨ ਸੜਕ ’ਤੇ ਨਮਾਜ਼ ਅਦਾ ਕਰ ਰਹੇ ਨਮਾਜ਼ੀਆਂ ਨੂੰ ਲੱਤ ਮਾਰ ਰਹੇ ਹਨ। ਇਸ ਤੋਂ ਵੱਧ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ?’’

(For more Punjabi news apart from Delhi News cop suspended for 'kicking' man offering Namaz, stay tuned to Rozana Spokesman)