Farmers Protest: ਭਰੋਸਾ ਹੈ ਕਿ ਕਿਸਾਨ ਆਗੂ ਚੀਜ਼ਾਂ ਨੂੰ ਸਮਝਣਗੇ ਅਤੇ ਵਿਰੋਧ ਵਾਪਸ ਲੈਣਗੇ: ਪੀਯੂਸ਼ ਗੋਇਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਕੁੱਝ ਲੋਕਾਂ ਦੇ ਪ੍ਰਚਾਰ ਤੋਂ ਗੁਮਰਾਹ ਨਾ ਹੋਵੋ, ਗੱਲਬਾਤ ਕਰਨਾ ਜਾਰੀ ਰੱਖਾਂਗੇ

Farmer leaders will see reason, call off protest, says Piyush Goyal

Farmers Protest: ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਸ਼ੁਕਰਵਾਰ ਨੂੰ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਕਿਸਾਨ ਆਗੂ ਚੀਜ਼ਾਂ ਨੂੰ ਸਮਝਣਗੇ ਅਤੇ ਅਪਣਾ ਵਿਰੋਧ ਵਾਪਸ ਲੈਣਗੇ। ਗੋਇਲ ਨੇ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਅਤੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨਾਲ ਕਿਸਾਨ ਯੂਨੀਅਨਾਂ ਨਾਲ ਚਾਰ ਦੌਰ ਦੀ ਗੱਲਬਾਤ ਕੀਤੀ ਹੈ। ਕਿਸਾਨ ਯੂਨੀਅਨਾਂ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਕਾਨੂੰਨੀ ਗਰੰਟੀ ਦੀ ਮੰਗ ਕਰ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਹਮੇਸ਼ਾ ਕਿਸਾਨਾਂ ਦੇ ਹੱਕ ’ਚ ਹੈ ਅਤੇ ਉਨ੍ਹਾਂ ਦੇ ਨਾਲ ਖੜੀ ਹੈ। ਉਨ੍ਹਾਂ ਕਿਹਾ, ‘‘ਕਿਰਪਾ ਕਰ ਕੇ ਕੁੱਝ ਲੋਕਾਂ ਦੇ ਪ੍ਰਚਾਰ ਤੋਂ ਗੁਮਰਾਹ ਨਾ ਹੋਵੋ। ਇਹ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਵਚਨਬੱਧ ਹੈ ਅਤੇ ਅਸੀਂ ਹਰ ਕਿਸਾਨ ਦੇ ਉੱਜਵਲ ਭਵਿੱਖ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।’’ ਗੋਇਲ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਅਤੇ ਗ੍ਰਹਿ ਰਾਜ ਮੰਤਰੀ ਦੇ ਨਾਲ ਉਨ੍ਹਾਂ ਨੇ ਕਿਸਾਨ ਨੇਤਾਵਾਂ ਨੂੰ ਸੁਝਾਅ ਦਿਤੇ ਕਿ ਕਿਵੇਂ ਸਰਕਾਰ ਕਿਸਾਨ ਭਾਈਚਾਰੇ ਨੂੰ ਬਿਹਤਰ ਭਵਿੱਖ ਬਣਾਉਣ ਅਤੇ ਦੇਸ਼ ਨੂੰ ਆਤਮ ਨਿਰਭਰ ਬਣਾਉਣ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰ ਸਕਦੀ ਹੈ।

ਗੋਇਲ ਨੇ ਇਕ ਇੰਟਰਵਿਊ ’ਚ ਕਿਹਾ, ‘‘ਮੈਨੂੰ ਭਰੋਸਾ ਹੈ ਕਿ ਉਹ ਚੀਜ਼ਾਂ ਨੂੰ ਸਮਝਣਗੇ ਅਤੇ ਅਪਣਾ ਵਿਰੋਧ ਵਾਪਸ ਲੈ ਲੈਣਗੇ।’’ ਇਹ ਪੁੱਛੇ ਜਾਣ ’ਤੇ ਕਿ ਕੀ ਅੰਦੋਲਨਕਾਰੀ ਕਿਸਾਨਾਂ ਨਾਲ ਨਵੇਂ ਦੌਰ ਦੀ ਗੱਲਬਾਤ ਤੈਅ ਕੀਤੀ ਗਈ ਹੈ, ਉਨ੍ਹਾਂ ਕਿਹਾ ਕਿ ਕਿਸੇ ਨਾਲ ਵੀ ਗੱਲਬਾਤ ਨਿਰੰਤਰ ਪ੍ਰਕਿਰਿਆ ਹੈ। ਉਨ੍ਹਾਂ ਕਿਹਾ, ‘‘ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਵੀ ਅਸੀਂ ਕਿਸਾਨ ਨੇਤਾਵਾਂ ਨਾਲ ਬਕਾਇਦਾ ਗੱਲਬਾਤ ਕਰ ਰਹੇ ਸੀ। ਅਸੀਂ ਭਵਿੱਖ ’ਚ ਵੀ ਉਨ੍ਹਾਂ ਨਾਲ ਗੱਲਬਾਤ ਕਰਨਾ ਜਾਰੀ ਰੱਖਾਂਗੇ।’’

ਕਿਸਾਨ ਨੇਤਾਵਾਂ ਨਾਲ ਚੌਥੇ ਦੌਰ ਦੀ ਗੱਲਬਾਤ ’ਚ ਤਿੰਨ ਕੇਂਦਰੀ ਮੰਤਰੀਆਂ ਦੀ ਕਮੇਟੀ ਨੇ ਕਿਸਾਨਾਂ ਨਾਲ ਸਮਝੌਤਾ ਹੋਣ ’ਤੇ ਸਰਕਾਰੀ ਏਜੰਸੀਆਂ ਵਲੋਂ ਘੱਟੋ-ਘੱਟ ਸਮਰਥਨ ਮੁੱਲ ’ਤੇ ਪੰਜ ਸਾਲਾਂ ਲਈ ਦਾਲਾਂ, ਮੱਕੀ ਅਤੇ ਕਪਾਹ ਦੀ ਖਰੀਦ ਦਾ ਪ੍ਰਸਤਾਵ ਰੱਖਿਆ ਸੀ। ਹਾਲਾਂਕਿ, ਕਿਸਾਨ ਨੇਤਾਵਾਂ ਨੇ ਕੇਂਦਰ ਦੇ ਪ੍ਰਸਤਾਵ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿਤਾ ਕਿ ਇਹ ਕਿਸਾਨਾਂ ਦੇ ਹਿੱਤ ’ਚ ਨਹੀਂ ਹੈ।

ਪੰਜਾਬ ਦੇ ਕਿਸਾਨਾਂ ਨੇ 13 ਫ਼ਰਵਰੀ ਨੂੰ ਦਿੱਲੀ ਵਲ ਮਾਰਚ ਸ਼ੁਰੂ ਕੀਤਾ ਸੀ ਪਰ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਪੰਜਾਬ-ਹਰਿਆਣਾ ਸਰਹੱਦ ’ਤੇ ਅੱਗੇ ਵਧਣ ਤੋਂ ਰੋਕ ਦਿਤਾ। ਉਦੋਂ ਤੋਂ ਹੀ ਕਈ ਪ੍ਰਦਰਸ਼ਨਕਾਰੀ ਕਿਸਾਨ ਅਪਣੇ ‘ਦਿੱਲੀ ਚਲੋ’ ਮਾਰਚ ਦੇ ਹਿੱਸੇ ਵਜੋਂ ਪੰਜਾਬ-ਹਰਿਆਣਾ ਸਰਹੱਦ ’ਤੇ ਡੇਰਾ ਲਾ ਏ ਹੋਏ ਹਨ।

(For more Punjabi news apart from Farmer leaders will see reason, call off protest, says Piyush Goyal, stay tuned to Rozana Spokesman)