ਰਾਸ਼ਟਰਪਤੀ ਮੁਰਮੂ ਦੇ ਦੌਰੇ ਦੌਰਾਨ ‘ਪ੍ਰੋਟੋਕਾਲ ਦੀ ਉਲੰਘਣਾ’ ’ਤੇ ਭਖਿਆ ਵਿਵਾਦ
ਕੇਂਦਰ ਸਰਕਾਰ ਨੇ ਪਛਮੀ ਬੰਗਾਲ ਸਰਕਾਰ ਤੋਂ ਜਵਾਬ ਮੰਗਿਆ
ਕੋਲਕਾਤਾ: ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਦਰੌਪਦੀ ਮੁਰਮੂ ਦੇ ਸਿਲੀਗੁੜੀ ’ਚ ਪ੍ਰੋਗਰਾਮ ’ਚ ਪ੍ਰੋਟੋਕੋਲ ਦੀ ਕੋਈ ਉਲੰਘਣਾ ਨਹੀਂ ਹੋਈ ਹੈ ਅਤੇ ਕਿਹਾ ਕਿ ਸਮਾਗਮ ’ਚ ਹੋਏ ਕਿਸੇ ਮਾੜੇ ਪ੍ਰਬੰਧ ਦੀ ਜ਼ਿੰਮੇਵਾਰੀ ਇਸ ਦੇ ਨਿੱਜੀ ਪ੍ਰਬੰਧਕਾਂ ਅਤੇ ਭਾਰਤੀ ਏਅਰਪੋਰਟ ਅਥਾਰਟੀ ਦੀ ਹੈ ਜਿਨ੍ਹਾਂ ਨੇ ਸਮਾਗਮ ਦਾ ਸਥਾਨ ਮੁਹੱਈਆ ਕਰਵਾਇਆ।
ਮੱਧ ਕੋਲਕਾਤਾ ’ਚ ਅਪਣੀ ਪਾਰਟੀ ਟੀ.ਐਮ.ਸੀ. ਵਲੋਂ ਦਿਤੇ ਜਾ ਰਹੇ ਧਰਨੇ ਤੋਂ ਬੋਲਦੇ ਹੋਏ ਮਮਤਾ ਬੈਨਰਜੀ ਨੇ ਇਕ ਵੱਡੀ ਤਸਵੀਰ ਵੀ ਵਿਖਾਈ ਜਿਸ ਵਿਚ ਪ੍ਰਧਾਨ ਮੰਤਰੀ ਮੋਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੇ ਨਾਲ ਇਕ ਸਮਾਗਮ ਵਿਚ ਬੈਠੇ ਵਿਖਾਈ ਦੇ ਰਹੇ ਸਨ ਅਤੇ ਰਾਸ਼ਟਰਪਤੀ ਉਨ੍ਹਾਂ ਸਾਹਮਣੇ ਖੜ੍ਹੇ ਹੋਏ।
ਉਨ੍ਹਾਂ ਕਿਹਾ, ‘‘ਇਸ ਤਸਵੀਰ ਤੋਂ ਪਤਾ ਲਗਦਾ ਹੈ ਕਿ ਜਦੋਂ ਰਾਸ਼ਟਰਪਤੀ ਖੜ੍ਹੇ ਹੁੰਦੇ ਹਨ ਤਾਂ ਪ੍ਰਧਾਨ ਮੰਤਰੀ ਬੈਠੇ ਹੋਏ ਹਨ। ਅਸੀਂ ਅਜਿਹਾ ਕਦੇ ਨਹੀਂ ਕਰਦੇ। ਇਹ ਭਾਜਪਾ ਹੈ ਜੋ ਰਾਸ਼ਟਰਪਤੀ ਦਾ ਅਪਮਾਨ ਕਰਨ ਦਾ ਸਭਿਆਚਾਰ ਰਖਦੀ ਹੈ, ਸਾਡਾ ਨਹੀਂ।’’ ਉਨ੍ਹਾਂ ਅੱਗੇ ਕਿਹਾ, ‘‘ਅਸੀਂ ਰਾਸ਼ਟਰਪਤੀ ਦੀ ਕੁਰਸੀ ਅਤੇ ਭਾਰਤ ਦੇ ਸੰਵਿਧਾਨ ਦਾ ਪੂਰਾ ਸਤਿਕਾਰ ਕਰਦੇ ਹਾਂ, ਜਿਸ ਨੂੰ ਅਸੀਂ ਅਪਣੀ ਮਾਂ ਮੰਨਦੇ ਹਾਂ। ਸਾਨੂੰ ਦੋਸ਼ ਨਾ ਦਿਓ।’’
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਰਾਸ਼ਟਰਪਤੀ ਦੇ ਪ੍ਰੋਗਰਾਮ ਦੇ ਵੇਰਵੇ ਤੋਂ ਜਾਣੂ ਨਹੀਂ ਸੀ ਅਤੇ ਉਸ ਨੂੰ ਨਿਜੀ ਪ੍ਰਬੰਧਕਾਂ ਨੇ ਭਰੋਸੇ ’ਚ ਨਹੀਂ ਲਿਆ ਸੀ। ਮਮਤਾ ਬੈਨਰਜੀ ਨੇ ਕਿਹਾ ਕਿ ਕਥਿਤ ਕੂੜਾ, ਗ੍ਰੀਨ ਰੂਮ ਦੀ ਖਰਾਬੀ ਅਤੇ ਔਰਤਾਂ ਦੇ ਪਖਾਨਿਆਂ ਦੀ ਕਮੀ ਦੀ ਜ਼ਿੰਮੇਵਾਰੀ ਇਵੈਂਟ ਮੈਨੇਜਰਾਂ ਅਤੇ ਏ.ਏ.ਆਈ. ਨੂੰ ਲੈਣੀ ਚਾਹੀਦੀ ਹੈ, ਜਿਸ ਦੇ ਪਲਾਟ ਉਤੇ ਸਮਾਗਮ ਕੀਤਾ ਗਿਆ ਸੀ। ਉਨ੍ਹਾਂ ਕਿਹਾ, ‘‘ਅਸੀਂ ਸਥਾਨ ਨਹੀਂ ਚੁਣਿਆ, ਤੁਸੀਂ ਚੁਣਿਆ।’’ ਮਮਤਾ ਬੈਨਰਜੀ ਨੇ ਕਿਹਾ ਕਿ ਸਿਲੀਗੁੜੀ ਦੇ ਮੇਅਰ ਗੌਤਮ ਦੇਬ ਨੇ ਪ੍ਰੋਟੋਕੋਲ ਦਾ ਸਨਮਾਨ ਕੀਤਾ ਅਤੇ ਬਾਗਡੋਗਰਾ ਵਿਚ ਉਨ੍ਹਾਂ ਦੇ ਸਵਾਗਤ ਲਈ ਮੌਜੂਦ ਸਨ। ਉਨ੍ਹਾਂ ਕਿਹਾ, ‘‘ਮੈਂ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਧਰਨੇ ’ਚ ਬੈਠੀ ਹਾਂ। ਮੈਂ ਕਿਵੇਂ ਜਾ ਸਕਦੀ ਹਾਂ?’’