ਅਜੈਬ ਸਿੰਘ ਭੱਟੀ ਹੋਣਗੇ ਡਿਪਟੀ ਸਪੀਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਦੇਰ ਸ਼ਾਮ ਹੋਈ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿਚ ਵਿਧਾਇਕ ਅਜੈਬ ਸਿੰਘ ਭੱਟੀ ਨੂੰ ਡਿਪਟੀ ਸਪੀਕਰ ਬਣਾਉਣ ਦਾ..

Ajaib Singh Bhatti

ਚੰਡੀਗੜ੍ਹ 13 ਜੂਨ ( ਛਿੱਬਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਦੇਰ ਸ਼ਾਮ ਹੋਈ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿਚ ਵਿਧਾਇਕ ਅਜੈਬ ਸਿੰਘ ਭੱਟੀ ਨੂੰ ਡਿਪਟੀ ਸਪੀਕਰ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਰੋਜ਼ਾਨਾ ਸਪੋਕਸਮੈਨ ਨੇ ਪਿਛਲੇ ਮਹੀਨੇ ਹੀ ਦਲਿਤ ਵਿਧਾਇਕ ਅਜੈਬ ਸਿੰਘ ਭੱਟੀ ਨੂੰ ਡਿਪਟੀ ਸਪੀਕਰ ਲਗਾਉਣ ਬਾਰੇ ਖ਼ਬਰ ਨਸ਼ਰ ਕਰ ਦਿਤੀ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਸ਼ੁਰੂ ਹੋਣ ਵਾਲੇ ਕਾਂਗਰਸ ਸਰਕਾਰ ਦੇ ਪਲੇਠੇ ਬਜਟ ਸੈਸ਼ਨ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਕਾਂਗਰਸੀ ਵਿਧਾਇਕਾਂ ਨਾਲ ਮੀਟਿੰਗ ਕੀਤੀ। ਸਰਕਾਰ ਚੰਗੀ ਤਰ੍ਹਾਂ ਜਾਣਦੀ ਹੈ ਕਿ ਸਦਨ 'ਚ ਵਿਰੋਧੀ ਧਿਰਾਂ ਵਲੋਂ ਰੇਤ ਦੀਆਂ ਖੱਡਾਂ ਦੇ ਮਾਮਲੇ 'ਤੇ ਰਾਣਾ ਗੁਰਜੀਤ ਸਿੰਘ ਨੂੰ ਘੇਰਨ ਲਈ ਸ਼ੋਰ ਸ਼ਰਾਬਾ ਕੀਤਾ ਜਾਵੇਗਾ। ਦਸਿਆ ਜਾਂਦਾ ਹੈ ਕਿ ਸਰਕਾਰ ਨੇ ਵਿਰੋਧੀਆਂ ਦਾ ਜਵਾਬ ਦੇਣ ਲਈ ਰਣਨੀਤੀ ਬਣਾਈ ਹੈ ਤਾਕਿ ਸ਼ਾਂਤਮਈ ਢੰਗ ਨਾਲ ਸਦਨ ਨੂੰ ਚਲਾਇਆ ਜਾਵੇ। ਪਤਾ ਲੱਗਾ ਹੈ ਕਿ ਸਰਕਾਰ ਵਲੋਂ ਵਿਰੋਧੀਆਂ ਨੂੰ ਇਹ ਜਵਾਬ ਦਿਤਾ ਜਾਵੇਗਾ ਕਿ ਅਕਾਲੀ ਭਾਜਪਾ ਸਰਕਾਰ ਦੌਰਾਨ 500 ਰੇਤ ਦੀਆਂ ਖੱਡਾਂ ਤੋਂ 40 ਕਰੋੜ ਰੁਪਏ ਵਿਚ ਨੀਲਾਮ ਹੋਈਆਂ ਸਨ ਜਦੋਂ ਕਿ ਕਾਂਗਰਸ ਸਰਕਾਰ ਦੌਰਾਨ 100  ਖੱਡਾਂ ਤੋਂ ਇਕ ਹਜ਼ਾਰ ਕਰੋੜ ਦਾ ਰੈਵਨਿਯੂ ਤੋਂ ਫ਼ਾਇਦਾ ਹੋਇਆ ਹੈ। ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਦਸਿਆ ਕਿ ਬੋਲੀ ਦਾਤਾ ਨੇ ਵਾਈਟ ਮਨੀ ਰਾਹੀਂ ਪੈਮੇਂਟ ਕੀਤੀ ਹੈ। ਇਸ 'ਤੇ ਕੋਈ ਵੀ ਜਾਂਚ ਕਰਵਾ ਸਕਦਾ ਹੈ ਤੇ ਇਸ ਵਿਚ ਸਰਕਾਰ ਦਾ ਕੋਈ ਰੋਲ ਨਹੀਂ ਹੈ। ਸੂਤਰ ਦਸਦੇ ਹਨ ਕਿ ਜ਼ਿਅਦਾਤਰ ਵਿਧਾਇਕਾਂ ਨੇ ਅਪਣੇ ਅਪਣੇ ਕੰਮਾਂ ਨੂੰ ਲੈ ਕੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ।