ਭਾਜਪਾ ਸਾਂਸਦ ਦਾ ਦੋਸ਼, ਭਾਰਤ ਬੰਦ ਤੋਂ ਬਾਅਦ ਦਲਿਤਾਂ 'ਤੇ ਹੋ ਰਹੇ ਹਨ ਅੱਤਿਆਚਾਰ
ਭਾਰਤੀ ਜਨਤਾ ਪਾਰਟੀ ਦੇ ਸਾਂਸਦ ਉਦਿਤ ਰਾਜ ਨੇ ਦਲਿਤਾਂ ਦੇ ਨਾਲ ਸੋਸ਼ਣ ਹੋਣ ਦਾ ਦੋਸ਼ ਲਗਾਇਆ ਹੈ। ਉਦਿਤ ਦਾ ਦੋਸ਼ ਹੈ ਕਿ ਭਾਰਤ ਬੰਦ ਵਿਚ ...
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਸਾਂਸਦ ਉਦਿਤ ਰਾਜ ਨੇ ਦਲਿਤਾਂ ਦੇ ਨਾਲ ਸੋਸ਼ਣ ਹੋਣ ਦਾ ਦੋਸ਼ ਲਗਾਇਆ ਹੈ। ਉਦਿਤ ਦਾ ਦੋਸ਼ ਹੈ ਕਿ ਭਾਰਤ ਬੰਦ ਵਿਚ ਜਿਨ੍ਹਾਂ ਦਲਿਤਾਂ ਨੇ ਹਿੱਸਾ ਲਿਆ ਸੀ, ਉਨ੍ਹਾਂ 'ਤੇ ਅੱਤਿਆਚਾਰ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ। ਉਦਿਤ ਰਾਜ ਨੇ ਟਵੀਟ ਕਰ ਕੇ ਇਹ ਦੋਸ਼ ਲਗਾਇਆ ਹੈ।
ਉਦਿਤ ਰਾਜ ਨੇ ਟਵੀਟ ਕਰ ਕੇ ਲਿਖਿਆ ਕਿ ਦੋ ਅਪ੍ਰੈਲ ਨੂੰ ਭਾਰਤ ਬੰਦ ਦੌਰਾਨ ਹੋਏ ਪ੍ਰਦਰਸ਼ਨ ਵਿਚ ਹਿੱਸਾ ਲੈਣ ਵਾਲੇ ਦਲਿਤਾਂ 'ਤੇ ਅੱਤਿਆਚਾਰ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਇਹ ਸਭ ਰੁਕਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਗਾਉਂਦੇ ਹੋਏ ਇਕ ਤੋਂ ਬਾਅਦ ਇਕ ਟਵੀਟ ਕੀਤੇ। ਅਗਲੇ ਟਵੀਟ ਵਿਚ ਉਦਿਤ ਨੇ ਲਿਖਿਆ ਕਿ 2 ਅਪ੍ਰੈਲ ਦੇ ਬਾਅਦ ਤੋਂ ਦਲਿਤਾਂ ਨੂੰ ਦੇਸ਼ ਭਰ ਵਿਚ ਟਾਰਚਰ ਕੀਤਾ ਜਾ ਰਿਹਾ ਹੈ।
ਬਾਡਮੇਰ, ਜਾਲੌਰ, ਜੈਪੁਰ, ਗਵਾਲੀਅਰ, ਮੇਰਠ, ਬੁਲੰਦ ਸ਼ਹਿਰ, ਕਰੌਲੀ ਸਮੇਤ ਕਈ ਥਾਵਾਂ 'ਤੇ ਅਜਿਹਾ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਪੁਲਿਸ ਵੀ ਦਲਿਤਾਂ 'ਤੇ ਗ਼ਲਤ ਮਾਮਲੇ ਦਰਜ ਕਰ ਰਹੀ ਹੈ, ਉਨ੍ਹਾਂ ਦੀ ਮਾਰਕੁੱਟ ਕਰ ਰਹੀ ਹੈ।
ਉਦਿਤ ਨੇ ਅਪਣੇ ਟਵੀਟ ਵਿਚ ਲਿਖਿਆ ਕਿ ਗਵਾਲੀਅਰ ਵਿਚ ਮੇਰੇ ਖ਼ਾਸ ਵਰਕਰ ਨੂੰ ਟਾਰਚਰ ਕੀਤਾ ਗਿਆ ਜਦਕਿ ਉਸ ਨੇ ਕੁੱਝ ਗ਼ਲਤ ਨਹੀਂ ਕੀਤਾ ਸੀ। ਉਹ ਮਦਦ ਲਈ ਗਿੜਗਿੜਾ ਰਿਹਾ ਹੈ। ਹਾਲਾਂਕਿ ਅਪਣੇ ਟਵੀਟਸ ਵਿਚ ਉਦਿਤ ਨੇ ਕਿਸੇ ਵੀ ਨੇਤਾ ਜਾਂ ਪਾਰਟੀ ਦਾ ਨਾਮ ਤਾਂ ਨਹੀਂ ਲਿਆ ਪਰ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਨਿਸ਼ਾਨਾ ਕੇਂਦਰ ਸਰਕਾਰ ਵੱਲ ਹੈ।
ਦਸ ਦਈਏ ਕਿ ਐਸਸੀ-ਐਸਟੀ ਐਕਟ ਵਿਚ ਬਦਲਾਅ ਦੇ ਵਿਰੁਧ ਦਲਿਤ ਸਮਾਜ ਨੇ ਭਾਰਤ ਬੰਦ ਕੀਤਾ ਸੀ। ਇਸ ਦੌਰਾਨ ਕਈ ਰਾਜਾਂ ਵਿਚ ਹਿੰਸਾ ਹੋਈ ਸੀ। ਇਸ ਹਿੰਸਾ ਵਿਚ 12 ਲੋਕਾਂ ਦੀ ਮੌਤ ਹੋ ਗਈ ਸੀ। ਉਦਿਤ ਪਹਿਲਾਂ ਹੀ ਐਕਟ ਵਿਚ ਬਦਲਾਅ ਦੇ ਵਿਰੁਧ ਸਨ। ਸਾਂਸਦ ਨੇ ਫ਼ੈਸਲੇ ਨੂੰ ਮੰਦਭਾਗਾ ਦਸਦਿਆਂ ਇਸ ਦੇ ਗੰਭੀਰ ਨਤੀਜੇ ਸਾਹਮਣੇ ਆਉਣ ਦੀ ਗੱਲ ਆਖੀ ਸੀ।