ਕਸ਼ਮੀਰ ਘਾਟੀ ਲਈ ਆਜ਼ਾਦੀ ਕੋਈ ਬਦਲ ਨਹੀਂ : ਫ਼ਾਰੂਖ਼ ਅਬਦੁੱਲਾ
ਜੰਮੂ ਅਤੇ ਕਸ਼ਮੀਰ ਤੋਂ ਲੋਕ ਸਭਾ ਸੰਸਦ ਫ਼ਾਰੂਖ਼ ਅਬਦੁੱਲਾ ਨੇ ਕਿਹਾ ਕਿ ਭਾਰਤ, ਪਾਕਿਸਤਾਨ ਅਤੇ ਚੀਨ ਦੇ ਵਿਚਕਾਰ ਸਥਿਤ ਹੋਣ ਕਾਰਨ ਘਾਟੀ ...
ਸ੍ਰੀਨਗਰ : ਜੰਮੂ ਅਤੇ ਕਸ਼ਮੀਰ ਤੋਂ ਲੋਕ ਸਭਾ ਸੰਸਦ ਫ਼ਾਰੂਖ਼ ਅਬਦੁੱਲਾ ਨੇ ਕਿਹਾ ਕਿ ਭਾਰਤ, ਪਾਕਿਸਤਾਨ ਅਤੇ ਚੀਨ ਦੇ ਵਿਚਕਾਰ ਸਥਿਤ ਹੋਣ ਕਾਰਨ ਘਾਟੀ ਲਈ ਆਜ਼ਾਦੀ ਕੋਈ ਬਦਲ ਨਹੀਂ ਹੈ। ਪੁੰਛ ਜ਼ਿਲ੍ਹੇ ਦੇ ਮੰਡੀ ਇਲਾਕੇ ਵਿਚ ਪਾਰਟੀ ਦੀ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਫ਼ਾਰੂਖ਼ ਨੇ ਕਿਹਾ ਕਿ ਆਜ਼ਾਦੀ ਕੋਈ ਬਦਲ ਨਹੀਂ ਹੈ। ਇਕ ਪਾਸੇ ਚੀਨ ਅਤੇ ਪਾਕਿਸਤਾਨ ਵਰਗੀਆਂ ਪਰਮਾਣੂ ਸ਼ਕਤੀਆਂ ਹਨ ਅਤੇ ਦੂਜੇ ਪਾਸੇ ਸਾਡੇ ਕੋਲ ਭਾਰਤ ਹੈ।
ਉਨ੍ਹਾਂ ਕਿਹਾ ਕਿ ਸਾਡੇ ਕੋਲ ਨਾ ਪਰਮਾਣੂ ਬੰਬ ਹੈ, ਨਾ ਫ਼ੌਜ ਹੈ ਅਤੇ ਨਾ ਲੜਾਕੂ ਜਹਾਜ਼ ਹਨ। ਆਜ਼ਾਦ ਰਾਸ਼ਟਰ ਦੇ ਰੂਪ ਵਿਚ ਅਸੀਂ ਕਿਵੇਂ ਜ਼ਿੰਦਾ ਰਹਿ ਸਕਾਂਗੇ? ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਭਾਰਤ ਦੇ ਗ਼ੁਲਾਮ ਹਾਂ। ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫ਼ਾਰੂਖ਼ ਨੇ ਕਿਹਾ ਕਿ ਭਾਰਤ ਨੂੰ ਹਰ ਹਾਲ ਵਿਚ ਇੱਥੋਂ ਦੇ ਲੋਕਾਂ ਦਾ ਆਦਰ ਸਨਮਾਨ ਕਰਨਾ ਹੋਵੇਗਾ, ਨਹੀਂ ਤਾਂ ਕਸ਼ਮੀਰ ਦੇ ਹਾਲਾਤ ਨਹੀਂ ਬਦਲਣਗੇ।
ਉਨ੍ਹਾਂ ਕੇਂਦਰ ਨੂੰ ਬੇਨਤੀ ਕੀਤੀ ਕਿ ਉਹ ਇੱਥੋਂ ਦੇ ਲੋਕਾਂ ਦੇ ਦਿਲ ਅਤੇ ਦਿਮਾਗ਼ ਜਿੱਤਣ ਦੀ ਕੋਸ਼ਿਸ਼ ਕਰੇ ਕਿਉਂਕਿ ਸੋਨੇ ਦੀ ਵੀ ਸੜਕ ਬਣਾ ਦੇਣ ਨਾਲ ਕੁੱਝ ਨਹੀਂ ਹੋਵੇਗਾ।
ਫ਼ਾਰੂਖ਼ ਨੇ ਗੁਆਂਢੀ ਪਾਕਿਸਤਾਨ ਦੀ ਖਿੱਲੀ ਉਡਾਉਂਦੇ ਹੋਏ ਕਿਹਾ ਕਿ ਕਸ਼ਮੀਰ ਸਮੱਸਿਆ ਦਾ ਹੱਲ ਬੰਦੂਕ ਨਾਲ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅਪਣੀਆਂ ਸਮੱਸਿਆਵਾਂ ਨਹੀਂ ਸੁਲਝਾ ਪਾ ਰਿਹਾ ਹੈ, ਫਿਰ ਉਹ ਸਾਡੇ ਲਈ ਕੀ ਕਰੇਗਾ?