ਜੀ.ਐਸ.ਟੀ. ਕੌਂਸਲ ਵਲੋਂ 66 ਵਸਤਾਂ 'ਤੇ ਟੈਕਸ ਦਰਾਂ 'ਚ ਕਟੌਤੀ
ਜੀ.ਐਸ.ਟੀ ਕੌਂਸਲ ਨੇ ਪਹਿਲੀ ਜੁਲਾਈ ਤੋਂ ਲਾਗੂ ਹੋ ਰਹੀ ਨਵੀਂ ਕਰ ਪ੍ਰਣਾਲੀ ਅਧੀਨ 66 ਵਸਤਾਂ 'ਤੇ ਤਜਵੀਜ਼ਸ਼ੁਦਾ ਟੈਕਸ ਦਰਾਂ ਵਿਚ ਕਟੌਤੀ ਕਰ ਦਿਤੀ ਹੈ ਜਿਨ੍ਹਾਂ ਵਿਚ..
ਨਵੀਂ ਦਿੱਲੀ, 11 ਜੂਨ : ਜੀ.ਐਸ.ਟੀ ਕੌਂਸਲ ਨੇ ਪਹਿਲੀ ਜੁਲਾਈ ਤੋਂ ਲਾਗੂ ਹੋ ਰਹੀ ਨਵੀਂ ਕਰ ਪ੍ਰਣਾਲੀ ਅਧੀਨ 66 ਵਸਤਾਂ 'ਤੇ ਤਜਵੀਜ਼ਸ਼ੁਦਾ ਟੈਕਸ ਦਰਾਂ ਵਿਚ ਕਟੌਤੀ ਕਰ ਦਿਤੀ ਹੈ ਜਿਨ੍ਹਾਂ ਵਿਚ ਪ੍ਰਮੁੱਖ ਤੌਰ 'ਤੇ ਆਚਾਰ, ਮੁਰੱਬੇ, ਸਿਨੇਮਾ ਟਿਕਟਾਂ, ਇੰਸੁਲਿਨ, ਅਗਰਬੱਤੀ ਅਤੇ ਸਕੂਲ ਬੈਗ ਸ਼ਾਮਲ ਹਨ।
ਜੀ.ਐਸ.ਟੀ. ਕੌਂਸਲ ਦੀ 16ਵੀਂ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ, ''133 ਵਸਤਾਂ 'ਤੇ ਟੈਕਸ ਦਰਾਂ ਘਟਾਉਣ ਲਈ ਗੁਜ਼ਾਰਸ਼ਾਂ ਮਿਲੀਆਂ ਸਨ ਜਿਨ੍ਹਾਂ ਵਿਚੋਂ 66 ਦੀਆਂ ਦਰ ਵਿਚ ਕਟੌਤੀ ਕਰ ਦਿਤੀ ਗਈ ਹੈ।''
ਕੌਂਸਲ ਦੇ ਫ਼ੈਸਲੇ ਮੁਤਾਬਕ 100 ਰੁ. ਜਾਂ ਇਸ ਤੋਂ ਘੱਟ ਕੀਮਤ ਵਾਲੀ ਸਿਨੇਮਾ ਟਿਕਟ 'ਤੇ 18 ਫ਼ੀ ਸਦੀ ਜੀ.ਐਸ.ਟੀ. ਲਾਗੂ ਹੋਵੇਗਾ ਜਦਕਿ ਪਹਿਲਾਂ 28 ਫ਼ੀ ਸਦੀ ਟੈਕਸ ਦੀ ਤਜਵੀਜ਼ ਪੇਸ਼ ਕੀਤੀ ਗਈ ਸੀ। ਇਸੇ ਤਰ੍ਹਾਂ ਆਚਾਰ, ਮਸਟਰਡ ਸਾਸ ਅਤੇ ਮੁਰੱਬੇ ਵਰਗੀਆਂ ਵਸਤਾਂ 'ਤੇ 12 ਫ਼ੀ ਸਦੀ ਦੀ ਦਰ ਨਾਲ ਜੀ.ਐਸ.ਟੀ. ਲਾਗੂ ਹੋਵੇਗਾ ਜਦਕਿ ਪਹਿਲਾਂ 18 ਫ਼ੀ ਸਦੀ ਟੈਕਸ ਲਾਉਣ ਦੀ ਯੋਜਨਾ ਸੀ। ਇਸ ਦੇ ਨਾਲ ਕਾਜੂ 'ਤੇ ਜੀ.ਐਸ.ਟੀ. ਦੀ ਦਰ 12 ਫ਼ੀ ਸਦੀ ਤੋਂ ਘਟਾ ਕੇ 5 ਫ਼ੀ ਸਦੀ ਕਰ ਦਿਤੀ ਗਈ ਹੈ।
ਕੌਂਸਲ ਨੇ ਇਹ ਫ਼ੈਸਲਾ ਵੀ ਕੀਤਾ ਕਿ 75 ਲੱਖ ਰੁਪਏ ਸਾਲਾਨਾ ਕਾਰੋਬਾਰ ਵਾਲੇ ਵਪਾਰੀ, ਨਿਰਮਾਤਾ ਜਾਂ ਰੈਸਟੋਰੈਂਟ ਮਾਲਕ ਇਕਮੁਸ਼ਤ ਯੋਜਨਾ ਦਾ ਰਾਹ ਅਖ਼ਤਿਆਰ ਕਰ ਸਕਦੇ ਹਨ ਜਿਨ੍ਹਾਂ ਨੂੰ ਕ੍ਰਮਵਾਰ ਇਕ ਫ਼ੀ ਸਦੀ, ਦੋ ਫ਼ੀ ਸਦੀ ਅਤੇ ਪੰਜ ਫ਼ੀ ਸਦੀ ਦੀ ਦਰ ਨਾਲ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ। ਇੰਸੁਲਿਨ ਅਤੇ ਅਗਰਬੱਤੀ 'ਤੇ ਜੀ.ਐਸ.ਟੀ. ਦੀ ਦਰ ਘਟਾ ਕੇ 5 ਫ਼ੀ ਸਦੀ ਕਰ ਦਿਤੀ ਗਈ ਜਦਕਿ ਸਕੂਲ ਬੈਗ 'ਤੇ 18 ਫ਼ੀ ਸਦੀ ਟੈਕਸ ਵਸੂਲਿਆ ਜਾਵੇਗਾ।
ਕੌਂਸਲ ਨੇ ਬੱਚਿਆਂ ਦੀਆਂ ਚਿੱਤਰਕਲਾ ਦੀਆਂ ਕਿਤਾਬਾਂ ਨੂੰ ਟੈਕਸ ਮੁਕਤ ਰੱਖਣ ਦੀ ਤਜਵੀਜ਼ ਪੇਸ਼ ਕੀਤੀ ਜਦਕਿ ਪਹਿਲਾਂ ਇਨ੍ਹਾਂ 'ਤੇ 12 ਫ਼ੀ ਸਦੀ ਟੈਕਸ ਲਾਗੂ ਕੀਤਾ ਗਿਆ ਸੀ। ਕੌਂਸਲ ਦੀ ਅਗਲੀ ਮੀਟਿੰਗ 18 ਜੂਨ ਨੂੰ ਹੋਵੇਗੀ ਜਿਸ ਵਿਚ ਲਾਟਰੀ ਟੈਕਸ ਅਤੇ ਈਵੇਅ ਬਿਲ ਬਾਰੇ ਚਾਰ ਕੀਤਾ ਜਾਵੇਗਾ। (ਪੀਟੀਆਈ)