ਮੱਧ ਪ੍ਰਦੇਸ਼ ਵਿਚ ਸਮਰਥਨ ਮੁੱਲ ਤੋਂ ਘੱਟ ਭਾਅ 'ਤੇ ਫ਼ਸਲ ਵੇਚਣਾ ਅਪਰਾਧ ਹੋਵੇਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਸਾਨਾਂ ਦੇ ਹਿਤ ਵਿਚ ਕਈ ਐਲਾਨ ਕਰਦਿਆਂ ਅੱਜ ਅਪਣਾ ਵਰਤ ਖੋਲ੍ਹ ਦਿਤਾ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸਮਰਥਨ..

P.C

ਭੋਪਾਲ, 11 ਜੂਨ : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਸਾਨਾਂ ਦੇ ਹਿਤ ਵਿਚ ਕਈ ਐਲਾਨ ਕਰਦਿਆਂ ਅੱਜ ਅਪਣਾ ਵਰਤ ਖੋਲ੍ਹ ਦਿਤਾ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸਮਰਥਨ ਮੁੱਲ ਤੋਂ ਹੇਠਾਂ ਖੇਤੀ ਉਤਪਾਦ ਵੇਚਣਾ ਅਪਰਾਧ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ, ''ਮੈਂ ਰਾਤ ਭਰ 2002 ਵਿਚ ਆਈ ਸਵਾਮੀਨਾਥਨ ਕਮੇਟੀ ਦੀ ਰੀਪੋਰਟ ਦਾ ਅਧਿਐਨ ਕੀਤਾ ਅਤੇ ਇਸ ਵਿਚ ਕੀਤੀਆਂ ਸਿਫ਼ਾਰਸ਼ਾਂ ਮੁਤਾਬਕ ਕਈ ਫ਼ੈਸਲੇ ਲਏ ਗਏ ਹਨ। ਕੁੱਝ ਮਾਮਲਿਆਂ ਵਿਚ ਸਿਫ਼ਾਰਸ਼ਾਂ ਤੋਂ ਅੱਗੇ ਜਾ ਕੇ ਵੀ ਫ਼ੈਸਲੇ ਕੀਤੇ ਗਏ ਹਨ। ਮੱਧ ਪ੍ਰਦੇਸ਼ ਵਿਚ ਸਮਰਥਨ ਮੁੱਲ ਤੋਂ ਹੇਠਾਂ ਫ਼ਸਲਾਂ ਵੇਚਣਾ ਹੁਣ ਅਪਰਾਧ ਐਲਾਨ ਦਿਤਾ ਜਾਵੇਗਾ।''
ਇਸ ਤੋਂ ਇਲਾਵਾ ਕਿਸਾਨਾਂ ਅਤੇ ਖਪਤਕਾਰਾਂ ਦਰਮਿਆਨ ਵਿਚੋਲਿਆਂ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਸਾਰੀਆਂ ਨਗਰ ਨਿਗਮਾਂ ਅਤੇ ਨਗਰ ਪਾਲਿਕਾਵਾਂ ਵਿਚ ਕਿਸਾਨ ਬਾਜ਼ਾਰ ਸਥਾਪਤ ਕਰਨ ਦਾ ਐਲਾਨ ਕੀਤਾ ਅਤੇ ਕਿਸਾਨਾਂ ਤੋਂ ਦੁੱਧ ਦੀ ਖ਼ਰੀਦ ਲਈ ਅਮੂਲ ਖ਼ਰੀਦ ਪ੍ਰਣਾਲੀ ਲਾਗੂ ਕਰਨ ਦੀ ਗੱਲ ਵੀ ਆਖੀ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਅਪਣੀ ਜ਼ਮੀਨ ਦੇ ਖਸਰੇ ਦੀ ਕਾਪੀ ਹਾਸਲ ਕਰਨ ਲਈ ਹੁਣ ਕਿਤੇ ਵੀ ਨਹੀਂ ਜਾਣਾ ਹੋਵੇਗਾ ਅਤੇ ਸਰਕਾਰ ਹਰ ਸਾਲ ਇਸ ਨੂੰ ਮੁਫ਼ਤ ਉਨ੍ਹਾਂ ਦੇ ਘਰ ਪਹੁੰਚਾਉਣ ਦਾ ਪ੍ਰਬੰਧ ਕਰੇਗੀ।
ਸ਼ਿਵਰਾਜ ਸਿੰਘ ਚੌਹਾਨ ਨੇ ਖੇਤੀ ਜਿਨਸਾਂ ਦੀਆਂ ਘੱਟ ਕੀਮਤਾਂ ਕਾਰਨ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ਸੂਬੇ ਵਿਚ ਇਕ ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਫ਼ੰਡ ਸਥਾਪਤ ਕਰਨ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਵਿਚ  ਵਿਗਿਆਨਕ ਤਰੀਕੇ ਨਾਲ ਫ਼ਸਲਾਂ ਦੀ ਲਾਗਤ ਪਤਾ ਕਰਨ ਲਈ ਖੇਤੀ ਉਤਪਾਦ ਲਾਗਤ ਅਤੇ ਵੰਡ ਕਮਿਸ਼ਨ ਦਾ ਗਠਨ ਵੀ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸੂਬੇ ਵਿਚ ਕਿਸਾਨਾਂ ਦੀ ਜ਼ਮੀਨ ਉਨ੍ਹਾਂ ਦੀ ਸਹਿਮਤੀ ਤੋਂ ਬਗ਼ੈਰ ਐਕਵਾਇਰ ਨਹੀਂ ਕੀਤੀ ਜਾਵੇਗੀ। (ਪੀਟੀਆਈ)