ਮੌਜੂਦਾ ਵਿੱਤੀ ਵਰ੍ਹੇ ਵਿਚ ਸਰਪਲੱਸ ਬਿਜਲੀ ਵਾਲਾ ਮੁਲਕ ਬਣ ਸਕਦੈ ਭਾਰਤ
ਭਾਰਤ ਮੌਜੂਦਾ ਵਿੱਤੀ ਵਰ੍ਹੇ ਵਿਚ ਸਰਪਲੱਸ ਬਿਜਲੀ ਵਾਲਾ ਮੁਲਕ ਬਣ ਸਕਦਾ ਹੈ। ਅਪ੍ਰੈਲ ਵਿਚ ਬਿਜਲੀ ਦੀ ਕਿੱਲਤ ਅਤੇ ਬੇਹੱਦ ਜ਼ਰੂਰਤ ਸਮੇਂ ਬਿਜਲੀ ਦੀ ਕਮੀ ਇਕ ਫ਼ੀ ਸਦੀ ਤੋਂ..
ਨਵੀਂ ਦਿੱਲੀ, 11 ਜੂਨ : ਭਾਰਤ ਮੌਜੂਦਾ ਵਿੱਤੀ ਵਰ੍ਹੇ ਵਿਚ ਸਰਪਲੱਸ ਬਿਜਲੀ ਵਾਲਾ ਮੁਲਕ ਬਣ ਸਕਦਾ ਹੈ। ਅਪ੍ਰੈਲ ਵਿਚ ਬਿਜਲੀ ਦੀ ਕਿੱਲਤ ਅਤੇ ਬੇਹੱਦ ਜ਼ਰੂਰਤ ਸਮੇਂ ਬਿਜਲੀ ਦੀ ਕਮੀ ਇਕ ਫ਼ੀ ਸਦੀ ਤੋਂ ਵੀ ਘੱਟ ਦਰਜ ਕੀਤੀ ਗਈ। ਕਈ ਰਾਜਾਂ ਵਿਚ ਬਿਜਲੀ ਦੀ ਕਮੀ ਸਿਫ਼ਰ ਰਹੀ।
ਕੇਂਦਰੀ ਬਿਜਲੀ ਅਥਾਰਟੀ ਦੀ ਤਾਜ਼ਾ ਰੀਪੋਰਟ ਮੁਤਾਬਕ ਦੇਸ਼ ਵਿਚ ਅਪ੍ਰੈਲ ਮਹੀਨੇ ਦੌਰਾਨ ਬਿਜਲੀ ਦੀ ਕਮੀ 0.5 ਫ਼ੀ ਸਦੀ ਦਰਜ ਕੀਤੀ ਗਈ ਜੋ ਇਕ ਸਾਲ ਪਹਿਲਾਂ 1.4 ਫ਼ੀ ਸਦੀ ਸੀ। ਪਛਮੀ, ਦਖਣੀ ਅਤੇ ਪੂਰਬੀ ਖੇਤਰ ਵਿਚ ਬਿਜਲੀ ਦੀ ਸਿਰਫ਼ 0.1 ਫ਼ੀ ਸਦੀ ਰਹੀ ਜਦਕਿ ਉੱਤਰ ਪੂਰਬੀ ਇਲਾਕਿਆਂ ਵਿਚ 4.5 ਫ਼ੀ ਸਦੀ ਕਮੀ ਦਰਜ ਕੀਤੀ ਗਈ।
ਰੀਪੋਰਟ ਮੁਤਾਬਕ ਇਸ ਸਾਲ ਅਪ੍ਰੈਲ ਵਿਚ ਬੇਹੱਦ ਜ਼ਰੂਰਤ ਦੇ ਸਮੇਂ ਦੌਰਾਨ ਬਿਜਲੀ ਦੀ ਕਮੀ ਘਟ ਕੇ 0.8 ਫ਼ੀ ਸਦੀ 'ਤੇ ਆ ਗਈ ਜਦਕਿ ਦਖਣੀ, ਪੂਰਬੀ ਅਤੇ ਪਛਮੀ ਖੇਤਰਾਂ ਵਿਚ ਇਹ ਦਰ 0.1 ਫ਼ੀ ਸਦੀ ਦਰਜ ਕੀਤੀ ਗਈ।
ਬਿਜਲੀ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਪੰਜਾਬ, ਛੱਤੀਸਗੜ੍ਹ, ਗੁਜਰਾਤ, ਹਰਿਆਣਾ, ਕਰਨਾਟਕ, ਮੱਧ ਪ੍ਰਦੇਸ਼, ਉੜੀਸਾ, ਸਿੱਕਮ ਅਤੇ ਤ੍ਰਿਪੁਰਾ ਵਿਚ ਬਿਜਲੀ ਦੀ ਬਿਲਕੁਲ ਕਮੀ ਨਹੀਂ ਆਈ। ਜਿਹੜੇ ਰਾਜਾਂ ਵਿਚ ਬਿਜਲੀ ਦੀ ਕਮੀ ਇਕ ਫ਼ੀ ਸਦੀ ਤਕ ਰਹੀ, ਉਨ੍ਹਾਂ ਵਿਚ ਆਂਧਰਾ ਪ੍ਰਦੇਸ਼, ਦਿੱਲੀ, ਹਿਮਾਚਲ ਪ੍ਰਦੇਸ਼, ਤਾਮਿਲਨਾਡੂ, ਤੇਲੰਗਾਨਾ, ਪੁਡੂਚੇਰੀ ਅਤੇ ਉਤਰਾਖੰਡ ਸ਼ਾਮਲ ਹਨ। (ਪੀਟੀਆਈ)