ਭਾਜਪਾ ਨੇਤਾ ਕੈਲਾਸ਼ ਵਿਜੇਵਰਗੀਆ ਨੇ ਲਗਾਇਆ ਸਲਮਾਨ ਖ਼ਾਨ 'ਤੇ ਗੰਭੀਰ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਦੋਸ਼ੀ ਪਾਏ ਗਏ ਫਿ਼ਲਮ ਅਦਾਕਾਰ ਸਲਮਾਨ ਖ਼ਾਨ ਨੂੰ ਜੋਧਪੁਰ ਦੇ ਸੈਸ਼ਨ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ...

kailash vijayvargiya says salman khan went with bundle notes farmer

ਨਵੀਂ ਦਿੱਲੀ : ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਦੋਸ਼ੀ ਪਾਏ ਗਏ ਫਿ਼ਲਮ ਅਦਾਕਾਰ ਸਲਮਾਨ ਖ਼ਾਨ ਨੂੰ ਜੋਧਪੁਰ ਦੇ ਸੈਸ਼ਨ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਹਮਲਾ ਬੋਲਿਆ ਹੈ। ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਨੇ ਸਲਮਾਨ ਖ਼ਾਨ ਦੇ ਨਾਲ-ਨਾਲ ਟੀਵੀ ਚੈਨਲਾਂ 'ਤੇ ਵੀ ਨਿਸ਼ਾਨਾ ਸਾਧਿਆ ਹੈ। 

ਕੈਲਾਸ਼ ਵਿਜੈਵਰਗੀਆ ਨੇ ਸਲਮਾਨ 'ਤੇ ਕੇਸ ਨੂੰ ਰਫ਼ਾ-ਦਫ਼ਾ ਕਰਨ ਲਈ ਪੈਸਿਆਂ ਦੀ ਪੇਸ਼ਕਸ਼ ਕਰਨ ਦਾ ਦੋਸ਼ ਲਗਾਇਆ ਹੈ। ਕੈਲਾਸ਼ ਵਿਜੈਵਰਗੀਆ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਟੀਵੀ ਚੈਨਲ ਸਿਰਫ਼ ਸਲਮਾਨ ਖ਼ਾਨ ਦੇ ਬਾਰੇ ਵਿਚ ਗੱਲ ਕਰ ਰਿਹਾ ਹੈ। ਸਲਮਾਨ ਨੇ ਹਿਰਨ ਨੂੰ ਮਾਰਿਆ ਅਤੇ ਉਸ ਨੂੰ ਸਜ਼ਾ ਮਿਲੀ ਕਿਉਂਕਿ ਪਿੰਡ ਦੇ ਇਕ ਕਿਸਾਨ ਨੇ ਉਨ੍ਹਾਂ ਦੇ ਵਿਰੁਧ ਸ਼ਿਕਾਇਤ ਕੀਤੀ ਸੀ। 

ਭਾਜਪਾ ਨੇਤਾ ਨੇ ਕਿਹਾ ਕਿ ਸਲਮਾਨ ਖ਼ਾਨ ਕਿਸਾਨ ਦੇ ਘਰ ਨੋਟਾਂ ਦਾ ਬੰਡਲ ਲੈ ਕੇ ਗਏ ਸਨ ਪਰ ਉਸ ਬਿਸ਼ਨੋਈ ਸਮਾਜ ਦੇ ਕਿਸਾਨ ਨੇ ਅਪਣੇ ਆਪ ਨੂੰ ਵੇਚਿਆ ਨਹੀਂ। ਟੀਵੀ ਚੈਨਲ ਕਿਸਾਨਾਂ ਨੂੰ ਨਹੀਂ ਦਿਖਾ ਰਹੇ ਹਨ। ਜ਼ਿਕਰਯੋਗ ਹੈ ਕਿ ਜੋਧਪੁਰ ਦੀ ਸੀਜੇਐਮ ਅਦਾਲਤ ਨੇ ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਸਲਮਾਨ ਖ਼ਾਨ ਨੂੰ 5 ਸਾਲ ਦੀ ਕੈਦ ਅਤੇ ਦਸ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। 

ਇਸ ਤੋਂ ਬਾਅਦ ਸਲਮਾਨ ਖ਼ਾਨ ਨੂੰ ਵੀਰਵਾਰ ਨੂੰ ਸਿੱਧੇ ਜੋਧਪੁਰ ਸੈਂਟਰਲ ਜੇਲ੍ਹ ਭੇਜ ਦਿਤਾ ਗਿਆ ਸੀ, ਜਿੱਥੇ ਉਹ ਦੋ ਦਿਨ ਤਕ ਜੇਲ੍ਹ ਵਿਚ ਰਿਹਾ। ਉਸ ਤੋਂ ਬਾਅਦ ਸ਼ਨੀਵਾਰ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਉਹ ਰਿਹਾਅ ਹੋ ਕੇ ਮੁੰਬਈ ਲਈ ਰਵਾਨਾ ਹੋ ਗਿਆ। 

ਮੁੱਖ ਨਿਆਇਕ ਮੈਜਿਸਟ੍ਰੇਟ ਦੇਵ ਕੁਮਾਰ ਖੱਤਰੀ ਨੇ 1998 ਵਿਚ ਹੋਈ ਇਸ ਘਟਨਾ ਦੇ ਸਬੰਧ ਵਿਚ 28 ਮਾਰਚ ਨੂੰ ਮੁਕੱਦਮੇ ਦੀ ਸੁਣਵਾਈ ਪੂਰੀ ਕਰਦੇ ਹੋਏ ਫ਼ੈਸਲਾ ਬਾਅਦ ਵਿਚ ਸੁਣਾਉਣ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਫ਼ੈਸਲਾ ਸੁਣਾਏ ਜਾਣ ਦੇ ਸਮੇਂ ਸਾਰੇ ਦੋਸ਼ੀ ਕਲਾਕਾਰ ਸਲਮਾਨ ਖ਼ਾਨ, ਸੈਫ ਅਲੀ ਖ਼ਾਨ, ਤੱਬੂ, ਸੋਨਾਲੀ ਬੇਂਦਰੇ ਅਤੇ ਨੀਲਮ ਅਦਾਲਤ ਵਿਚ ਮੌਜੂਦ ਸਨ।