ਸਿਧਰਮਈਆ ਦੇ ਪੇਚ 'ਚ ਫਸੀ ਭਾਜਪਾ, ਲਿੰਗਾਇਤ ਸੰਤਾਂ ਨੇ ਮੋਦੀ ਤੋਂ ਕੀਤੀ ਵੱਡੀ ਮੰਗ
ਕਰਨਾਟਕ ਵਿਚ ਲਿੰਗਾਇਤਾਂ ਦੇ ਮੁੱਦੇ 'ਤੇ ਭਾਜਪਾ ਫਸਦੀ ਜਾ ਰਹੀ ਹੈ। ਲਿੰਗਾਇਤ ਮੱਠਾਂ ਨਾਲ ਜੁੜੇ ਕਈ ਸੰਤਾਂ ਨੇ ਬੰਗਲੁਰੂ ਵਿਚ ਇਕ ਮੀਟਿੰਗ ਕਰ ਕੇ ...
ਬੰਗਲੁਰੂ : ਕਰਨਾਟਕ ਵਿਚ ਲਿੰਗਾਇਤਾਂ ਦੇ ਮੁੱਦੇ 'ਤੇ ਭਾਜਪਾ ਫਸਦੀ ਜਾ ਰਹੀ ਹੈ। ਲਿੰਗਾਇਤ ਮੱਠਾਂ ਨਾਲ ਜੁੜੇ ਕਈ ਸੰਤਾਂ ਨੇ ਬੰਗਲੁਰੂ ਵਿਚ ਇਕ ਮੀਟਿੰਗ ਕਰ ਕੇ ਪੀਐਮ ਮੋਦੀ ਤੋਂ ਮੰਗ ਕੀਤੀ ਹੈ ਕਿ ਇਸ ਮਹੀਨੇ ਦੀ 18 ਤਰੀਕ ਤਕ ਲਿੰਗਾਇਤਾਂ ਨੂੰ ਅਲੰਗ ਧਰਮ ਦਾ ਦਰਜਾ ਦੇਣ। ਇੰਨਾ ਹੀ ਨਹੀਂ, ਸਾਰੇ ਸੰਤਾਂ ਨੇ ਲਿੰਗਾਇਤ ਸਮਾਜ ਨੂੰ ਅਪੀਲ ਕੀਤੀ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਸਿਧਰਮਈਆ ਨੂੰ ਵੋਟ ਦੇਣ ਕਿਉਂਕਿ ਉਨ੍ਹਾਂ ਨੇ ਹੀ ਲਿੰਗਾਇਤਾਂ ਨੂੰ ਵੱਖਰੇ ਧਰਮ ਦਾ ਦਰਜਾ ਦਿਤਾ ਹੈ।
ਸੰਤਾਂ ਨੇ ਦਸਿਆ ਕਿ ਉਹ ਕੇਂਦਰ ਨੂੰ ਇਕ ਮੰਗ ਪੱਤਰ ਦੇਣ ਜਾ ਰਹੇ ਹਨ। ਕਰਨਾਟਕ ਵਿਚ ਚੋਣ ਜ਼ਾਬਤਾ ਲਾਗੂ ਹੈ, ਦਿੱਲੀ ਵਿਚ ਨਹੀਂ। ਉਨ੍ਹਾਂ ਮੰਗ ਕੀਤੀ ਕਿ 18 ਅਪ੍ਰੈਲ ਯਾਨੀ ਬਸਵਾ ਜੈਯੰਤੀ ਤਕ ਸਾਨੂੰ ਵੱਖਰੇ ਧਰਮ ਦਾ ਦਰਜਾ ਦੇ ਦੇਣ। ਲਿੰਗਾਇਤ ਸਮਾਜ ਦੀ ਸੰਤ ਮਾਤਾ ਮਹਾਦੇਵੀ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਮੈਂ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਇਸ ਵਾਰ ਸਿਧਰਮਈਆ ਨੂੰ ਵੋਟ ਦੇਣ।
ਇਨ੍ਹਾਂ ਗੱਲਾਂ ਇੰਨਾ ਤਾਂ ਸਾਫ਼ ਹੋ ਗਿਆ ਹੈ ਕਿ ਸਿਧਰਮਈਆ ਦੀ ਲਿੰਗਾਇਤਾਂ ਨੂੰ ਅਪਣੇ ਵੱਖ ਖਿੱਚਣ ਦੀ ਕੋਸ਼ਿਸ਼ ਰੰਗ ਲਿਆਉਂਦੀ ਦਿਖ ਰਹੀ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਹਾਲ ਹੀ ਵਿਚ ਕਰਨਾਟਕ ਵਿਚ ਇਕ ਬਿਆਨ ਦਿਤਾ ਸੀ ਕਿ ਉਹ ਕਿਸੇ ਵੀ ਵੱਖਵਾਦ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਇਸ ਬਿਆਨ ਤੋਂ ਬਾਅਦ ਅਜਿਹਾ ਲੱਗ ਰਿਹਾ ਹੈ ਕਿ ਲਿੰਗਾਇਤ ਸਮਾਜ ਦੇ ਲੋਕ ਭਾਜਪਾ ਵਿਰੁਧ ਲਾਮਬੰਦ ਹੋ ਰਹੇ ਹਨ।
ਦਸ ਦਈਏ ਕਿ ਕਰਨਾਟਕ ਵਿਚ ਲਿੰਗਾਇਤ ਭਾਜਪਾ ਦਾ ਮਜ਼ਬੂਤ ਵੋਟ ਬੈਂਕ ਹੈ। ਇਸ ਵਿਚ ਸੰਨ੍ਹਮਾਰੀ ਦੀ ਭਰਪਾਈ ਲਈ ਹੁਣ ਭਾਜਪਾ ਦਲਿਤ ਅਤੇ ਓਬੀਸੀ ਦੇ ਖੇਮੇ ਵੱਲ ਦੇਖ ਰਹੀ ਹੈ ਪਰ ਹਾਲ ਵਿਚ ਹੋਏ ਦਲਿਤਾਂ ਦੇ ਪ੍ਰਦਰਸ਼ਨ ਭਾਜਪਾ ਦੀ ਇਸ ਰਣਨੀਤੀ ਵਿਚ ਵੀ ਰੋੜਾ ਅਟਕਾ ਰਹੇ ਹਨ।