ਹੜਤਾਲ ਤੇ ਆਵਾਜਾਈ ਪਾਬੰਦੀਆਂ ਕਾਰਨ ਕਸ਼ਮੀਰ 'ਚ ਆਮ ਜੀਵਨ ਪ੍ਰਭਾਵਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਸ਼ਮੀਰ ਵਿਚ ਇਕ ਨੌਜਵਾਨ ਦੀ ਹਤਿਆ ਦੇ ਰੋਸ ਵਜੋਂ ਵੱਖਵਾਦੀਆਂ ਵਲੋਂ ਦਿਤੇ ਗਏ ਬੰਦ ਦੇ ਸੱਦੇ ਅਤੇ ਪ੍ਰਸ਼ਾਸਨ ਦੁਆਰਾ ਆਵਾਜਾਈ 'ਤੇ ਪਾਬੰਦੀਆਂ ਲਾਗੂ ਕੀਤੇ ਜਾਣ ਕਾਰਨ ਅੱਜ....

Kashmir

ਸ੍ਰੀਨਗਰ, 9 ਜੂਨ : ਕਸ਼ਮੀਰ ਵਿਚ ਇਕ ਨੌਜਵਾਨ ਦੀ ਹਤਿਆ ਦੇ ਰੋਸ ਵਜੋਂ ਵੱਖਵਾਦੀਆਂ ਵਲੋਂ ਦਿਤੇ ਗਏ ਬੰਦ ਦੇ ਸੱਦੇ ਅਤੇ ਪ੍ਰਸ਼ਾਸਨ ਦੁਆਰਾ ਆਵਾਜਾਈ 'ਤੇ ਪਾਬੰਦੀਆਂ ਲਾਗੂ ਕੀਤੇ ਜਾਣ ਕਾਰਨ ਅੱਜ ਵਾਦੀ ਵਿਚ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ।
ਅਧਿਕਾਰੀਆਂ ਨੇ ਕਿਹਾ ਕਿ ਕਸ਼ਮੀਰ ਵਾਦੀ ਦੇ ਜ਼ਿਆਦਾਤਰ ਹਿਸਿਆਂ ਵਿਚ ਦੁਕਾਨਾਂ, ਵਪਾਰਕ ਅਦਾਰੇ ਅਤੇ ਸਕੂਲ-ਕਾਲਜ ਬੰਦ ਰਹੇ। ਕੌਮੀ ਜਾਂਚ ਏਜੰਸੀ ਵਲੋਂ ਮਾਰੇ ਜਾ ਰਹੇ ਛਾਪਿਆਂ ਅਤੇ ਬੀਤੇ ਮੰਗਲਵਾਰ ਨੂੰ ਸ਼ੋਪੀਆਂ ਵਿਖੇ ਸੁਰੱਖਿਆ ਬਲਾਂ ਤੇ ਵਿਖਾਵਾਕਾਰੀਆਂ ਦਰਮਿਆਨ ਝੜਪ ਵਿਚ 19 ਸਾਲ ਦੇ ਆਦਿਲ ਫ਼ਾਰਖ ਦੀ ਮੌਤ ਪਿੱਛੋਂ ਵੱਖਵਾਦੀਆਂ ਨੇ ਬੰਦ ਦਾ ਸੱਦਾ ਦਿਤਾ ਸੀ।
ਬੰਦ ਦੇ ਸੱਦੇ ਕਾਰਨ ਪ੍ਰਸ਼ਾਸਨ ਨੇ ਅਮਨ-ਕਾਨੂੰਨ ਬਰਕਰਾਰ ਰੱਖਣ ਲਈ ਸ੍ਰੀਨਗਰ ਅਤੇ ਸ਼ੋਪੀਆਂ ਕਸਬੇ ਦੇ ਕੁੱਝ ਇਲਾਕਿਆਂ ਵਿਚ ਆਵਾਜਾਈ ਪਾਬੰਦੀਆਂ ਲਾਗੂ ਕਰ ਦਿਤੀਆਂ ਸਨ।
ਹੁਰੀਅਤ ਕਾਨਫ਼ਰੰਸ ਦੇ ਗ਼ਰਮਖ਼ਿਆਲ ਧੜੇ ਦੇ ਆਗੂ ਸਈਅਦ ਅਲੀ ਸ਼ਾਹ ਗਿਲਾਨੀ, ਨਰਮਖ਼ਿਆਲ ਧੜੇ ਦੇ ਆਗੂ ਮੀਰਵਾਇਜ਼ ਉਮਰ ਫ਼ਾਰੂਕ ਅਤੇ ਜੇਕੇਐਲਐਫ਼ ਦੇ ਮੁਖੀ ਯਾਸੀਨ ਮਲਿਕ ਨੇ ਦਖਣੀ ਕਸ਼ਮੀਰ ਦੇ ਲੋਕਾਂ ਨੂੰ ਝੜਪ ਵਿਚ ਮਾਰੇ ਗਏ ਨੌਜਵਾਨ ਦੇ ਘਰ ਪੁੱਜਣ ਦੀ ਅਪੀਲ ਕੀਤੀ ਸੀ।
ਪ੍ਰਸ਼ਾਸਨ ਨੇ ਸ੍ਰੀਨਗਰ ਦੇ ਸੱਤ ਪੁਲਿਸ ਥਾਣਿਆਂ ਵਿਚ ਪਾਬੰਦੀਆਂ ਲਾਗੂ ਕੀਤੀਆਂ ਹੋਈਆਂ ਹਨ ਜਦਕਿ ਸ਼ੋਪੀਆਂ ਕਸਬੇ ਤੋਂ ਇਲਾਵਾ ਗਾਂਦਰਬਲ ਜ਼ਿਲ੍ਹੇ ਵਿਚ ਧਾਰਾ 144 ਲਾਗੂ ਹੈ ਅਤੇ ਪੁਲਵਾਮਾ ਵਿਚ ਭਾਰੀ ਸੁਰੱਖਿਆ ਬਲ ਤੈਨਾਤ ਕੀਤੇ ਗਏ ਹਨ। (ਪੀਟੀਆਈ)