ਪ੍ਰਧਾਨ ਮੰਤਰੀ ਦੀ ਰਿਹਾਇਸ਼ ਲਾਗੇ ਪ੍ਰਦਰਸ਼ਨ ਕਰ ਰਹੇ ਟੀਡੀਪੀ ਸਾਂਸਦ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਸਾਂਸਦਾਂ ਨੇ ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਰਾਜ ਦੇ ਦਰਜੇ ਦੀ ਮੰਗ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

tdp mps protest near pm house police detained

ਨਵੀਂ ਦਿੱਲੀ : ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਸਾਂਸਦਾਂ ਨੇ ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਰਾਜ ਦੇ ਦਰਜੇ ਦੀ ਮੰਗ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ।

ਟੀਡੀਪੀ ਸਾਂਸਦਾਂ ਵਲੋਂ 7, ਲੋਕ ਕਲਿਆਣ ਮਾਰਗ ਸਥਿਤ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਉਦੋਂ ਲਿਆ ਗਿਆ ਜਦੋਂ ਪਾਰਟੀ ਸਾਂਸਦਾਂ ਨੇ ਭਵਿੱਖ ਦੇ ਕਦਮ 'ਤੇ ਫ਼ੈਸਲਾ ਕਰਨ ਲਈ ਐਤਵਾਰ ਸਵੇਰੇ ਰਾਜ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਵਾਈਐਸ ਚੌਧਰੀ ਦੀ ਰਿਹਾਇਸ਼ 'ਤੇ ਮੀਟਿੰਗ ਕੀਤੀ। ਹਾਲਾਂਕਿ ਦਿੱਲੀ ਪੁਲਿਸ ਅਤੇ ਸੀਆਰਪੀਐਫ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵੱਲ ਵਧ ਰਹੇ ਇਨ੍ਹਾਂ ਸਾਰੇ ਨੇਤਾਵਾਂ ਨੂੰ ਰਸਤੇ ਵਿਚ ਹੀ ਗ੍ਰਿਫ਼ਤਾਰ ਕਰ ਲਿਆ। 

ਸਾਂਸਦ ਜੈਦੇਵ ਗੱਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਹੀ ਵਿਸ਼ੇਸ਼ ਸ਼੍ਰੇਣੀ ਦਰਜੇ 'ਤੇ ਫ਼ੈਸਲਾ ਲੈਣਾ ਹੈ। ਉਨ੍ਹਾਂ ਨੂੰ ਅਪਣਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ, ਇਸ ਲਈ ਅਸੀਂ ਉਨ੍ਹਾਂ ਦੇ ਸਾਹਮਣੇ ਅਪਣੀਆਂ ਮੰਗਾਂ ਉਠਾਉਣਾ ਚਾਹੁੰਦੇ ਹਾਂ। ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸ਼੍ਰੇਣੀ ਦਰਜਾ ਦਿਤੇ ਜਾਣ ਨਾਲ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਇਨਕਾਰ ਤੋਂ ਬਾਅਦ ਤੇਲਗੂ ਦੇਸ਼ਮ ਪਾਰਟੀ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਪਣੇ ਮੰਤਰੀਆਂ ਨੂੰ ਹਟਾ ਲਿਆ ਸੀ ਅਤੇ ਐਨਡੀਏ ਨਾਲੋਂ ਨਾਤਾ ਤੋੜ ਲਿਆ ਸੀ। 

ਤੇਦੇਪਾ ਨੇ ਸਰਕਾਰ ਵਿਰੁਧ ਬੇਭਰੋਸਗੀ ਮਤਾ ਵੀ ਪੇਸ਼ ਕੀਤਾ। ਹਾਲਾਂਕਿ ਸੰਸਦ ਵਿਚ ਲਗਾਤਾਰ ਵਿਰੋਧ ਦੇ ਚਲਦੇ ਇਸ ਨੂੰ ਚਰਚਾ ਲਈ ਨਹੀਂ ਲਿਆ ਜਾ ਸਕਿਆ। ਇਸ ਵਿਚਕਾਰ ਵਾਈਐਸਆਰ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸ਼੍ਰੇਣੀ ਦਰਜਾ ਦਿਤੇ ਜਾਣ ਦੀ ਹੀ ਮੰਗ ਨੂੰ ਲੈ ਕੇ ਇੱਥੇ ਤੀਜੇ ਦਿਨ ਵੀ ਅਪਣੀ ਅਣਮਿਥੇ ਸਮੇਂ ਦੀ ਭੁੱਖ ਹੜਤਾਲ ਜਾਰੀ ਰੱਖੀ।