ਕੋਰੋਨਾ ਨਾਲ ਜੂਝਦਾ ਪੰਜਾਬ ਹੁਣ ਕਣਕ ਖ਼ਰੀਦ 'ਚ ਫਸਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਨੇ ਜੰਗੀ ਪੱਧਰ 'ਤੇ ਲਏ ਅਹਿਮ ਫ਼ੈਸਲੇ

CAPT. AMRINDER SINGH

ਕਣਕ ਦੀ ਖ਼ਰੀਦ ਲਈ ਸਟਾਫ਼ ਤੇ ਸਮਾਂ ਵਧਾਇਆ, ਅਧਿਕਾਰੀ ਚੱਕਰ ਮਾਰਨਗੇ ਖ਼ਰੀਦ ਕੇਂਦਰਾਂ 'ਚ


ਚੰਡੀਗੜ੍ਹ, 8 ਅਪ੍ਰੈਲ (ਜੀ.ਸੀ. ਭਾਰਦਵਾਜ): ਪਿਛਲੇ ਡੇਢ ਮਹੀਨੇ ਤੋਂ ਸਾਰੀ ਦੁਨੀਆਂ ਤੇ ਅਪਣੇ ਮੁਲਕ ਨਾਲ ਕੋਰੋਨਾ ਵਾਇਰਸ ਦੀ ਜੰਗ 'ਚ ਜੂਝਦਾ ਪੰਜਾਬ ਹੁਣ ਇਸ ਸੰਕਟ ਦੀ ਘੜੀ 'ਚ ਅਗਲੇ 60 ਦਿਨਾਂ ਬਾਕੀ ਮੁਲਕ ਦਾ ਢਿੱਡ ਭਰਨ ਅਤੇ ਭੁੱਖ ਮਿਟਾਉਣ ਲਈ ਕੇਂਦਰੀ ਭੰਡਾਰ ਵਾਸਤੇ 135 ਲੱਖ ਟਨ ਕਣਕ ਦੀ ਖ਼ਰੀਦ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਮਾਨ ਹੇਠ 4000 ਖ਼ਰੀਦ ਕੇਂਦਰਾਂ 'ਚ ਪਹੁੰਚਣਾ ਸ਼ੁਰੂ ਹੋ ਗਿਆ ਹੈ।

MANDI


ਪਿਛਲੇ ਦੋ ਦਿਨਾਂ 'ਚ ਮੁੱਖ ਮੰਤਰੀ ਉਸ ਦੇ ਕੈਬਨਿਟ ਸਾਥੀਆਂ, ਸੀਨੀਅਰ ਅਧਿਕਾਰੀਆਂ ਨੇ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਨਾਲ ਵੀਡੀਉ ਕਾਨਫ਼ਰੰਸਾਂ ਰਾਹੀਂ ਮੌਜੂਦਾ ਕੋਰੋਨਾ ਵਾਇਰਸ ਦੇ ਖ਼ਤਰੇ ਦੀ ਲੋਅ 'ਚ ਤੈਅ-ਸ਼ੁਦਾ ਬਚਾਅ ਦੇ ਡਾਕਟਰੀ ਨੁਕਤਿਆਂ ਯਾਨੀ ਮਾਸਕ ਪਾ ਕੇ, ਮੰਡੀਆਂ 'ਚ ਭੀੜ ਨਾ ਕਰਨਾ, ਕਿਸਾਨਾਂ ਨੂੰ ਆੜ੍ਹਤੀਆਂ ਰਾਹੀਂ 48 ਘੰਟੇ 'ਚ ਅਦਾਇਗੀ ਕਰਨ ਤੇ ਹੋਰ ਅਹਿਮ ਫ਼ੈਸਲੇ ਲਏ ਹਨ।


ਰੋਜ਼ਾਨਾ ਸਪੋਕਸਮੈਨ ਵਲੋਂ ਸਿਹਤ ਵਿਭਾਗ ਮੰਡੀ ਬੋਰਡ, ਅਨਾਜ ਸਪਲਾਈ, ਕਿਸਾਨ ਜਥੇਬੰਦੀਆਂ ਅਤੇ ਸਰਕਾਰੀ ਅਮਲੇ ਨੂੰ ਕੰਟਰੋਲ ਕਰਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦਸਿਆ ਕਿ ਮੌਜੂਦਾ ਵਕਤ ਬਹੁਤ ਹੀ ਪਰਖ ਅਤੇ ਖ਼ਤਰੇ ਵਾਲਾ ਹੈ ਕਿਉਂਕਿ ਲੱਖਾਂ ਕਿਸਾਨ, ਖੇਤੀ ਮਜ਼ਦੂਰ, ਦਿਹਾੜੀਦਾਰ ਕਰਮਚਾਰੀਆਂ, ਆੜ੍ਹਤੀਆਂ, ਉਨ੍ਹਾਂ ਸਾਰਿਆਂ ਦੇ ਪਰਵਾਰਾਂ ਨੇ ਇਸ ਵੱਡੀ ਸੋਨੇ-ਰੰਗੀ ਫ਼ਸਲ ਨੂੰ ਕੱਟਣ, ਸਾਫ਼ ਕਰਨ, ਮੰਡੀਆਂ 'ਚ ਪੰਹੁਚਾਉਣ ਲਈ ਸਾਥ ਦੇਣਾ ਹੈ। ਇਨ੍ਹਾਂ ਅਧਿਕਾਰੀਆਂ ਤੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਸਾਹਮਣੇ ਤੋਂ ਖ਼ਤਰੇ ਦੀ ਟੱਕਰ ਦੇਣ ਲਈ, ਪੰਜਾਬੀ ਭਾਵੇਂ ਮਜ਼ਬੂਤ ਸਥਿਤੀ ਵਿਚ ਹਨ ਤੇ 40-45 ਡਿਗਰੀ ਤਾਪਮਾਨ ਵਿਚ ਧੂੜ-ਮਿੱਟੀ 'ਚ ਮਿਹਨਤੀ ਕਿਸਾਨ ਤੇ ਮਜ਼ਦੂਰ ਤਿਆਰ ਹਨ ਪਰ ਕੋਰੋਨਾ ਵਾਇਰਸ ਵਲੋਂ ਛੁਪ ਕੇ ਵਾਰ ਕਰਨ ਯਾਨੀ ਇਕ ਦੂਜੇ ਨੂੰ ਛੂਹਣ ਨਾਲ ਕੀਤੇ ਹਮਲੇ ਤੋਂ ਉਨ੍ਹਾਂ ਅੰਦਰ ਭੈਅ ਪੈਦਾ ਹੋਣਾ, ਇਕ ਨਵਾਂ ਤਜਰਬਾ ਹੋਵੇਗਾ।


ਦੂਜੇ ਪਾਸੇ ਮੁੱਖ ਮੰਤਰੀ ਤੇ ਉਨ੍ਹਾਂ ਦੇ ਫ਼ੈਸਲਾਕੁਨ ਅਧਿਕਾਰੀਆਂ ਨੇ ਦਿਨ-ਰਾਤ ਵੀਡੀਉ ਬੈਠਕਾਂ ਰਾਹੀਂ ਚਰਚਾ ਕਰ ਕੇ ਪੁਲਿਸ ਤੇ ਸੁਰੱਖਿਆ ਅਮਲੇ ਦੇ ਸਹਿਯੋਗ ਨਾਲ ਇਸ ਵੱਡੀ ਕਣਕ ਖ਼ਰੀਦ ਨੂੰ ਪੰਜਾਬ ਦੀਆਂ ਚਾਰ ਏਜੰਸੀਆਂ-ਪਨਗ੍ਰੇਨ, ਪਨਸਪ, ਮਾਰਕਫ਼ੈੱਡ ਤੇ ਵੇਅਰਹਾਊਸਿੰਗ ਸਮੇਤ ਕੇਂਦਰੀ ਅਨਾਜ ਨਿਗਮ ਦੀਆਂ ਕੋਸ਼ਿਸ਼ਾਂ ਸਦਕਾ ਜੂਨ ਦੇ ਅੱਧ ਤਕ ਨੇਪਰੇ ਚਾੜ੍ਹਨ ਦਾ ਪ੍ਰੋਗਰਾਮ ਉਲੀਕਿਆ ਹੈ।
ਸਰਕਾਰੀ ਅਧਿਕਾਰੀ ਤੇ ਮੰਤਰੀ, ਵਿਧਾਇਕ ਤੇ ਹੋਰ ਸਹਿਯੋਗੀ ਇਨ੍ਹਾਂ ਖ਼ਰੀਦ ਕੇਂਦਰਾਂ ਦੇ ਚੱਕਰ ਜ਼ਰੂਰ ਲਗਾਉਣਗੇ ਅਤੇ ਕੋਸ਼ਿਸ਼ ਇਹੀ ਰਹੇਗੀ ਕਿ ਮੰਡੀ ਬੋਰਡ ਵਲੋਂ ਬਣਾਏ ਗਏ 13 ਮੈਂਬਰੀ ਕੰਟਰੋਲ ਰੂਮ 'ਚ ਰੋਜ਼ਾਨਾ ਸੂਚਨਾ ਇਕੱਠੀ ਹੁੰਦੀ ਰਹੇਗੀ ਜਿਥੋਂ ਹਾਲਾਤ ਦਾ ਜਾਇਜ਼ਾ ਲਿਆ ਜਾਵੇਗਾ।


ਜ਼ਿਕਰਯੋਗ ਹੈ ਕਿ ਤੈਅ-ਸ਼ੁਦਾ 1832 ਮੰਡੀਆਂ ਦੀ ਗਿਣਤੀ ਵਧਾ ਕੇ ਪਹਿਲਾਂ 3761 ਕੀਤੀ ਸੀ, ਹੁਣ 4000 ਕਰ ਦਿਤੀ ਹੈ। ਬਾਰਦਾਨੇ ਦੀ ਪੂਰਤੀ ਲਈ 3,50,000 ਬੋਰੀਆ ਕਲਕੱਤਾ ਤੋਂ ਪਹੁੰਚ ਚੁਕੀਆਂ ਹਨ। 15 ਲੰਖ ਲੇਬਰ ਦਾ ਬੰਦੋਬਸਤ ਕਰ ਦਿਤਾ ਹੈ। ਕੰਬਾਈਨ ਹਾਰਵੈਸਟਰਾਂ ਦਾ ਸਮਾਂ ਸਵੇਰੇ 6 ਵਜੇ ਸ਼ਾਮ 7 ਵਜੇ ਤਕ ਹੋਵੇਗਾ ਅਤੇ ਢੋਆ-ਢੁਆਈ ਵਾਸਤੇ ਸੈਂਕੜੇ ਟਰੱਕ-ਟਰਾਲੀਆਂ ਦਾ ਇੰਤਜ਼ਾਮ ਕੀਤਾ ਗਿਆ ਹੈ।