26 ਜਨਵਰੀ ਹਿੰਸਾ: ਸਿਰਫ਼ ਵੀਡੀਓ ਪੋਸਟ ਕਰਨ 'ਤੇ ਮੀਡੀਆ ਨੇ ਮੈਨੂੰ ਠਹਿਰਾਇਆ ਮੁੱਖ ਦੋਸ਼ੀ- ਦੀਪ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਹ ਇਸ ਹਿੰਸਾ ਵਿੱਚ ਸ਼ਾਮਲ ਨਹੀਂ ਹੈ। ਹਿੰਸਾ ਹੋਣ ਤੋਂ ਪਹਿਲਾਂ ਹੀ ਉਹ ਉੱਥੋਂ ਚਲਾ ਗਿਆ ਸੀ - ਦੀਪ ਸਿੱਧੂ ਵਕੀਲ

Deep Sidhu

ਚੰਡੀਗੜ੍ਹ : 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ 'ਤੇ ਹੋਈ ਘਟਨਾ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਅਦਾਕਾਰ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ 'ਤੇ ਅੱਜ ਮੁੜ ਸੁਣਵਾਈ ਹੋ ਰਹੀ ਹੈ। ਵਧੀਕ ਸੈਸ਼ਨ ਜੱਜ ਦੀਪਕ ਡਬਾਸ ਨੇ ਇਹ ਕੇਸ ਜ਼ਿਲ੍ਹਾ ਅਤੇ ਸੈਸ਼ਨ ਜੱਜ (ਹੈਡਕੁਆਟਰ) ਨੂੰ ਵਾਪਸ ਤਬਦੀਲ ਕਰ ਦਿੱਤਾ ਹੈ ਅਤੇ ਹੁਣ ਉਹ ਕੇਸ ਦੀ ਸੁਣਵਾਈ ਕਰਨਗੇ।

ਦਿੱਲੀ ਦੀ ਤੀਸ ਹਜਾਰੀ ਅਦਾਲਤ ਵਿਚ ਸਿੱਧੂ ਦੁਆਰਾ ਦਾਇਰ ਜ਼ਮਾਨਤ ਅਰਜ਼ੀ ਦੀ ਸੁਣਵਾਈ ਦੌਰਾਨ ਦੀਪ ਸਿੱਧੂ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਇਸ ਹਿੰਸਾ ਵਿੱਚ ਸ਼ਾਮਲ ਨਹੀਂ ਹੈ। ਹਿੰਸਾ ਹੋਣ ਤੋਂ ਪਹਿਲਾਂ ਹੀ ਉਹ ਉੱਥੋਂ ਚਲਾ ਗਿਆ ਸੀ। ਦੀਪ ਸਿੱਧੂ ਦੇ ਹਵਾਲੇ ਤੋਂ ਉਹਨਾਂ ਦੇ ਵਕੀਲ ਨੇ ਕਿਹਾ ਕਿ ਦੀਪ ਸਿੱਧੂ ਕਿਸਾਨ ਯੂਨੀਅਨ ਦਾ ਮੈਂਬਰ ਨਹੀਂ ਹੈ ਤੇ ਨਾ ਹੀ ਉਸ ਨੇ ਕਿਸੇ ਨੂੰ ਲਾਲ ਕਿਲ੍ਹੇ 'ਤੇ ਜਾਣ ਦਾ ਸੱਦਾ ਦਿੱਤਾ ਸੀ।

ਉਹਨਾਂ ਕਿਹਾ ਵਿਰੋਧ ਪ੍ਰਦਰਸ਼ਨ ਦਾ ਸੱਦਾ ਕਿਸਾਨ ਆਗੂਆਂ ਨੇ ਦਿੱਤਾ ਸੀ। ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਮੈਂ ਭੀੜ ਨੂੰ ਇਕੱਠਾ ਕੀਤਾ ਹੈ। ਦੀਪ ਸਿੱਧੂ ਦੇ ਵਕੀਲ ਨੇ ਕਿਹਾ ਕਿ ਦੀਪ ਸਿੱਧੂ ਨੇ ਸਿਰਫ ਵੀਡੀਓ ਸਾਂਝੀ ਕੀਤੀ ਸੀ, ਇਹ ਉਸ ਦੀ ਗਲਤੀ ਸੀ। ਉਹਨਾਂ ਕਿਹਾ ਕਿ ਹਰ ਗ਼ਲਤੀ ਜੁਰਮ ਨਹੀਂ ਹੁੰਦਾ। ਸਿਰਫ਼ ਵੀਡੀਓ ਪੋਸਟ ਕਰਨ 'ਤੇ ਮੀਡੀਆ ਨੇ ਉਸ ਨੂੰ ਮੁੱਖ ਮੁਲਜ਼ਮ ਬਣਾ ਦਿੱਤਾ। ਮੀਡੀਆ ਨੇ ਉਸ ਨੂੰ ਮੁੱਖ ਦੋਸ਼ੀ ਠਹਿਰਾਇਆ ਪਤਾ ਨਹੀਂ ਕਿਉਂ?