Lok Sabha Elections: ਚੋਣਾਂ ਤੋਂ ਪਹਿਲਾਂ ਝਾਂਸੀ ਵਿਚ 70 ਲੱਖ ਰੁਪਏ ਨਕਦੀ ਅਤੇ 28 ਲੱਖ ਰੁਪਏ ਦੇ ਗਹਿਣੇ ਬਰਾਮਦ
ਦਿੱਲੀ ਦਾ ਰਹਿਣ ਵਾਲਾ ਹੈ ਮੁਲਜ਼ਮ
Lok Sabha Elections: ਉੱਤਰ ਪ੍ਰਦੇਸ਼ ਦੇ ਝਾਂਸੀ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਚੱਲ ਰਹੀ ਚੈਕਿੰਗ ਦੌਰਾਨ ਇਕ ਨੌਜਵਾਨ ਕੋਲੋਂ 70 ਲੱਖ ਰੁਪਏ ਨਕਦ ਅਤੇ 28 ਲੱਖ ਰੁਪਏ ਦੇ ਗਹਿਣੇ ਬਰਾਮਦ ਹੋਏ ਹਨ। ਨੌਜਵਾਨ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਸਰਾਫਾ ਬਾਜ਼ਾਰ ਤੋਂ ਦਿੱਲੀ ਜਾ ਰਿਹਾ ਸੀ। ਫੜੇ ਜਾਣ ’ਤੇ ਉਹ ਪੈਸਿਆਂ ਅਤੇ ਗਹਿਣਿਆਂ ਬਾਰੇ ਸਹੀ ਜਵਾਬ ਨਹੀਂ ਦੇ ਸਕਿਆ। ਪੈਸੇ ਅਤੇ ਗਹਿਣੇ ਜ਼ਬਤ ਕਰਕੇ ਖ਼ਜ਼ਾਨੇ ਨੂੰ ਸੌਂਪ ਦਿਤੇ ਗਏ। ਪੂਰੇ ਮਾਮਲੇ ਦੀ ਸੂਚਨਾ ਇਨਕਮ ਟੈਕਸ ਵਿਭਾਗ ਨੂੰ ਦੇ ਦਿਤੀ ਗਈ ਹੈ। ਆਮਦਨ ਕਰ ਵਿਭਾਗ ਅਗਲੀ ਕਾਰਵਾਈ ਕਰੇਗਾ।
ਐਸਪੀ ਸਿਟੀ ਗਿਆਨੇਂਦਰ ਕੁਮਾਰ ਸਿੰਘ ਨੇ ਦਸਿਆ ਕਿ ਲੋਕ ਸਭਾ ਚੋਣਾਂ ਨੂੰ ਸ਼ਾਂਤਮਈ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਐਫਐਸਟੀ ਅਤੇ ਨਵਾਬਾਦ ਪੁਲਿਸ ਵਲੋਂ ਐਤਵਾਰ ਸ਼ਾਮ ਅਸ਼ੋਕ ਤੀਰਾਹਾ ਵਿਖੇ ਸਾਂਝੇ ਤੌਰ ’ਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਉਥੋਂ ਇਕ ਨੌਜਵਾਨ ਬਾਹਰ ਆਇਆ, ਜਿਸ ਨੇ ਪਿੱਠ ਪਿੱਛੇ ਬੈਗ ਟੰਗਿਆ ਹੋਇਆ ਸੀ। ਸ਼ੱਕੀ ਪਾਏ ਜਾਣ 'ਤੇ ਪੁਲਿਸ ਨੇ ਚੈਕਿੰਗ ਕੀਤੀ।
ਬੈਗ ਅੰਦਰੋਂ 70 ਲੱਖ 56400 ਰੁਪਏ ਨਕਦੀ ਅਤੇ 436.51 ਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਹੋਏ। ਫੜੇ ਗਏ ਨੌਜਵਾਨ ਦੀ ਪਛਾਣ ਸ਼ਾਂਤੀ ਕਰਾਤ (40) ਵਾਸੀ ਕਰੋਲ ਬਾਗ, ਸ਼ੰਕਰਪੁਰਾ, ਦਿੱਲੀ ਵਜੋਂ ਹੋਈ ਹੈ। ਪੈਸਿਆਂ ਅਤੇ ਗਹਿਣਿਆਂ ਬਾਰੇ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ। ਫਿਰ ਉਸ ਦੇ ਪੈਸੇ ਅਤੇ ਗਹਿਣੇ ਜ਼ਬਤ ਕਰ ਲਏ ਗਏ।
ਐਸਪੀ ਸਿਟੀ ਨੇ ਦਸਿਆ ਕਿ ਜ਼ਬਤੀ ਦੀ ਕਾਰਵਾਈ ਕਰਦੇ ਹੋਏ ਪੂਰੇ ਮਾਮਲੇ ਦੀ ਜਾਣਕਾਰੀ ਇਨਕਮ ਟੈਕਸ ਵਿਭਾਗ ਨੂੰ ਦੇ ਦਿਤੀ ਗਈ ਹੈ। ਹੁਣ ਆਮਦਨ ਕਰ ਵਿਭਾਗ ਅੱਗੇ ਜਾਂਚ ਕਰੇਗਾ। ਇਸ ਤੋਂ ਪਹਿਲਾਂ ਐਫਐਸਟੀ ਅਤੇ ਕੋਤਵਾਲੀ ਪੁਲਿਸ ਨੇ ਇਕ ਵਿਅਕਤੀ ਕੋਲੋਂ 13 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ। ਜਦਕਿ 5 ਤੋਂ 6 ਹੋਰ ਵਿਅਕਤੀ ਵੀ ਨਜਾਇਜ਼ ਨਕਦੀ ਸਮੇਤ ਫੜੇ ਗਏ ਹਨ।
(For more Punjabi news apart from 70 lakh rupees cash and 28 lakh rupees worth of jewelery recovered in Jhansi, stay tuned to Rozana Spokesman)