Mozambique Ferry Accident: ਮੋਜ਼ੰਬੀਕ ਦੇ ਉੱਤਰੀ ਤੱਟ 'ਤੇ ਡੁੱਬੀ ਕਿਸ਼ਤੀ, 90 ਤੋਂ ਵੱਧ ਮੌਤਾਂ
ਮਰਨ ਵਾਲਿਆਂ ਵਿਚ ਕਈ ਬੱਚੇ ਵੀ ਸ਼ਾਮਲ ਹਨ।
Mozambique Ferry Accident: ਮੋਜ਼ੰਬੀਕ : ਮੋਜ਼ੰਬੀਕ ਦੇ ਉੱਤਰੀ ਤੱਟ 'ਤੇ ਇੱਕ ਕਿਸ਼ਤੀ ਦੇ ਡੁੱਬਣ ਕਾਰਨ 90 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਨਮਪੁਲਾ ਸੂਬੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ 'ਚ ਸਵਾਰ ਲਗਭਗ 130 ਲੋਕਾਂ 'ਚੋਂ ਪੰਜ ਨੂੰ ਬਚਾ ਲਿਆ ਗਿਆ ਹੈ। ਨਮਪੁਲਾ ਦੇ ਸੂਬਾ ਸਕੱਤਰ ਜੈਮ ਨੇਟੋ ਨੇ ਕਿਹਾ, ‘ਉਹ ਹੈਜ਼ੇ ਦੇ ਪ੍ਰਕੋਪ ਤੋਂ ਬਚਣ ਲਈ ਜਾ ਰਹੇ ਸਨ।’ ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਵਿਚ ਕਈ ਬੱਚੇ ਵੀ ਸ਼ਾਮਲ ਹਨ।
ਨਾਮਪੁਲਾ ਪ੍ਰਾਂਤ ਹੈਜ਼ੇ ਦੇ ਪ੍ਰਕੋਪ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ਵਿਚੋਂ ਇੱਕ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਜਨਵਰੀ ਤੋਂ ਦੱਖਣੀ ਅਫਰੀਕਾ ਦੇ ਕਈ ਦੇਸ਼ਾਂ ਵਿਚ ਹੈਜ਼ਾ ਫੈਲ ਚੁੱਕਾ ਹੈ। ਇਕ ਰਿਪੋਰਟ ਮੁਤਾਬਕ ਨੇਟੋ ਨੇ ਕਿਹਾ, 'ਕਿਸ਼ਤੀ ਓਵਰਲੋਡ ਸੀ ਅਤੇ ਯਾਤਰੀਆਂ ਨੂੰ ਲਿਜਾਣ ਦੇ ਯੋਗ ਨਹੀਂ ਸੀ, ਇਸ ਲਈ ਇਹ ਡੁੱਬਣ ਲੱਗੀ।' ਕਿਸ਼ਤੀ ਨਮਪੁਲਾ ਦੇ ਤੱਟ ਤੋਂ ਦੂਰ ਲੁੰਗਾ ਤੋਂ ਮੋਜ਼ੰਬੀਕ ਟਾਪੂ ਵੱਲ ਜਾ ਰਹੀ ਸੀ। ਅਧਿਕਾਰੀ ਨੇ ਕਿਹਾ ਕਿ ਇੱਕ ਜਾਂਚ ਟੀਮ ਕਿਸ਼ਤੀ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੰਮ ਕਰ ਰਹੀ ਹੈ।