ਕਾਂਗਰਸ ਦੀ ਨਵੀਂ ਸਰਕਾਰ ਐਸ.ਸੀ., ਐਸ.ਟੀ. ਅਤੇ ਓ.ਬੀ.ਸੀ. ਔਰਤਾਂ ਨੂੰ ਸਾਲਾਨਾ 1 ਲੱਖ ਰੁਪਏ ਦੇਵੇਗੀ : ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੇਰੁਜ਼ਗਾਰ ਨੌਜੁਆਨਾਂ ਨੂੰ ਗਾਰੰਟੀਸ਼ੁਦਾ ਸਿਖਲਾਈ ਦੇਣ ਦਾ ਭਰੋਸਾ ਵੀ ਦਿਤਾ

Rahul Gandhi

ਸਿਵਨੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਆਗਾਮੀ ਲੋਕ ਸਭਾ ਚੋਣਾਂ ਜਿੱਤਣ ਦਾ ਭਰੋਸਾ ਜਤਾਇਆ ਅਤੇ ਕਿਹਾ ਕਿ ਨਵੀਂ ਸਰਕਾਰ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ (ਐਸ.ਸੀ./ ਐਸ.ਟੀ.) ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਨਾਲ ਸਬੰਧਤ ਔਰਤਾਂ ਦੇ ਬੈਂਕ ਖਾਤਿਆਂ ’ਚ ਸਾਲਾਨਾ ਇਕ ਲੱਖ ਰੁਪਏ ਟ੍ਰਾਂਸਫਰ ਕਰੇਗੀ। 

ਮੰਡਲਾ ਲੋਕ ਸਭਾ ਹਲਕੇ ਦੇ ਹਿੱਸੇ ਸਿਓਨੀ ਜ਼ਿਲ੍ਹੇ ਦੇ ਧਨੋਰਾ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਬੇਰੁਜ਼ਗਾਰ ਨੌਜੁਆਨਾਂ ਨੂੰ ਗਾਰੰਟੀਸ਼ੁਦਾ ਸਿਖਲਾਈ ਦੇਣ ਦਾ ਭਰੋਸਾ ਵੀ ਦਿਤਾ। ਉਨ੍ਹਾਂ ਕਿਹਾ, ‘‘ਸਾਡੇ ਚੋਣ ਐਲਾਨਨਾਮੇ ’ਚ ਤਿੰਨ ਤੋਂ ਚਾਰ ਕ੍ਰਾਂਤੀਕਾਰੀ ਕਦਮਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਵੇਂ ਕਿ ਐਸ.ਸੀ., ਐਸ.ਟੀ., ਓ.ਬੀ.ਸੀ. ਅਤੇ ਗਰੀਬ ਪਰਵਾਰਾਂ ਨਾਲ ਸਬੰਧਤ ਔਰਤਾਂ ਦੇ ਬੈਂਕ ਖਾਤਿਆਂ ਵਿਚ ਹਰ ਸਾਲ ਇਕ ਲੱਖ ਰੁਪਏ ਟ੍ਰਾਂਸਫਰ ਕਰਨਾ। ਇਸ ਤਰ੍ਹਾਂ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਖਾਤਿਆਂ ਰਾਹੀਂ ਹਰ ਮਹੀਨੇ ਹਜ਼ਾਰਾਂ ਰੁਪਏ ਮੁਹੱਈਆ ਕਰਾਵਾਂਗੇ।’’

ਕਾਂਗਰਸ ਨੇ ਮੰਡਲਾ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਫੱਗਣ ਸਿੰਘ ਕੁਲਸਤੇ ਦੇ ਵਿਰੁਧ ਸਾਬਕਾ ਮੰਤਰੀ ਅਤੇ ਵਿਧਾਇਕ ਓਮਕਾਰ ਸਿੰਘ ਮਾਰਕਮ ਨੂੰ ਮੈਦਾਨ ’ਚ ਉਤਾਰਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਨੇ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਨੂੰ ਦਿਤੀ ਜਾਣ ਵਾਲੀ ਰਕਮ ਦੁੱਗਣੀ ਕਰਨ ਦਾ ਵੀ ਵਾਅਦਾ ਕੀਤਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘‘ਅਸੀਂ ਇਹ ਯਕੀਨੀ ਬਣਾਉਣ ਲਈ ਨਵਾਂ ਕਾਨੂੰਨ ਵੀ ਲਿਆਵਾਂਗੇ ਕਿ ਦੇਸ਼ ਦੇ ਹਰ ਬੇਰੁਜ਼ਗਾਰ ਨੌਜੁਆਨ ਨੂੰ ਜਨਤਕ ਅਤੇ ਨਿੱਜੀ ਖੇਤਰ ਵਿਚ ਇਕ ਸਾਲ ਦੀ ਅਪ੍ਰੈਂਟਿਸਸ਼ਿਪ ਮਿਲੇ, ਜਿਸ ਦੌਰਾਨ ਉਨ੍ਹਾਂ ਨੂੰ ਇਕ ਲੱਖ ਰੁਪਏ ਭੱਤਾ ਮਿਲੇਗਾ।’’