DSGMC ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਦਾ ਦਾਅਵਾ, ' ਟਾਈਟਲਰ ਨੇ 100 ਸਿੱਖਾਂ ਦਾ ਕੀਤਾ ਕਤਲ’
ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਿੱਖਾਂ ਨੂੰ ਜ਼ਰੂਰ ਇਨਸਾਫ਼ ਮਿਲੇਗਾ, ਕਿਉਂਕਿ 40 ਸਾਲਾਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ
Delhi News: ਮਨਜੀਤ ਸਿੰਘ ਜੀ ਕੇ ਨੇ ਦੱਸਿਆ ਕਿ 2018 ਵਿਚ ਮੇਰੇ ਘਰ ਪੈੱਨ ਡਰਾਈਵ ਭੇਜੀ ਗਈ ਸੀ। ਉਸ ਦੀ ਕਾਪੀਆਂ ਮੈਂ ਦਿੱਲੀ ਪੁਲਿਸ, ਸੀਬੀਆਈ ਤੇ ਬਾਕੀ ਜਾਂਚ ਏਜੰਸੀਆਂ ਨੂੰ ਭੇਜੀਆਂ ਸਨ। ਇਸ ਬਦਲੇ ਟਾਈਟਲਰ ਨੇ ਮੇਰੇ ਖ਼ਿਲਾਫ਼ ਐਫ਼ਆਈਆਰ ਦਰਜ ਕਰਵਾ ਦਿੱਤੀ ਸੀ। ਕਿ ਮਨਜੀਤ ਸਿੰਘ ਨੇ ਝੂਠਾ ਸਟਿੰਗ ਦਿੱਤਾ ਹੈ। ਉਹ ਐਫ਼ਆਈਆਰ ਅੱਜ ਵੀ ਮੇਰੇ ਖ਼ਿਲਾਫ਼ ਚਲ ਰਹੀ ਹੈ।
ਉਨ੍ਹਾਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਜਿਹੜੀ ਜਾਂਚ ਪੜਤਾਲ ਟਾਈਟਲਰ ਤੋਂ ਹੋਣੀ ਚਾਹੀਦੀ ਸੀ ਅੱਜ ਮੇਰੇ ਕੋਲੋਂ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਟਾਈਟਲਰ ਦਾ ਰਸੂਖ ਸੀ ਉਹ ਕਹਿੰਦਾ ਸੀ ਕਿ ਕੋਈ ਮੇਰੇ ਖ਼ਿਲਾਫ਼ ਮਾਮਲਾ ਦਰਜ ਕਰਵਾ ਕੇ ਦੇਖੇ। ਅੱਜ ਉਸ ਉੱਤੇ ਮਾਮਲਾ ਵੀ ਦਰਜ ਹੈ ਤੇ ਤਿੰਨ ਵਾਰ ਸੀਬੀਆਈ ਤੋਂ ਕਲੀਨ ਚਿੱਟ ਵੀ ਮਿਲ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਮੈਂ ਹੁਣ ਆਪਣਾ ਬਿਆਨ ਦਰਜ ਕਰਵਾ ਦਿੱਤਾ। ਟਾਈਟਲਰ ਜ਼ਰੂਰ ਜੇਲ ਜਾਵੇਗਾ।
ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੂੰ 2018 ਵਿੱਚ ਇੱਕ ਪੈੱਨ ਡਰਾਈਵ ਮਿਲੀ ਸੀ ਜਿਸ ਵਿੱਚ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਦੁਆਰਾ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ 100 ਸਿੱਖਾਂ ਦੇ ਕਤਲੇਆਮ ਵਿੱਚ ਉਸਦੀ ਭੂਮਿਕਾ ਬਾਰੇ ਇੱਕ ਕਥਿਤ ਇਕਬਾਲੀਆ ਬਿਆਨ ਸੀ... ਅਦਾਲਤ ਦਿੱਲੀ ਦੇ ਪੁਲ ਬੰਗਸ਼ ਗੁਰਦੁਆਰੇ ਵਿੱਚ ਤਿੰਨ ਸਿੱਖਾਂ ਦੇ ਕਤਲੇਆਮ ਨਾਲ ਸਬੰਧਤ ਇੱਕ ਕੇਸ ਦੀ ਸੁਣਵਾਈ ਕਰ ਰਹੀ ਹੈ ਜਿਸ ਵਿੱਚ ਟਾਈਟਲਰ ਇੱਕ ਦੋਸ਼ੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਦਾਲਤ ਨੇ ਵੀ ਮੰਨ ਲਿਆ ਕਿ ਇਹ ਆਵਾਜ਼ ਟਾਈਟਲਰ ਦੀ ਹੀ ਹੈ।
ਉਨ੍ਹਾਂ ਕਿਹਾ ਕਿ 4 ਅਪ੍ਰੈਲ ਨੂੰ ਉਨ੍ਹਾਂ ਨੂੰ ਅਦਾਲਤ ਵਿਚ ਗਵਾਹੀ ਲਈ ਬੁਲਾਇਆ ਗਿਆ ਸੀ। ਕਿਹਾ ਕਿ ਮੈਂ ਉਹੀ 100 ਸਿੱਖ ਮਾਰਨ ਵਾਲਾ ਬਿਆਨ ਅਦਾਲਤ ਵਿਚ ਦਿੱਤਾ।
ਜੀ.ਕੇ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਆਡੀਉ ਵਿੱਚ ਟਾਈਟਲਰ ਨੇ ਕਥਿਤ ਤੌਰ 'ਤੇ ਦਿੱਲੀ ਹਾਈ ਕੋਰਟ ਵਿੱਚ ਜੱਜਾਂ ਦੀ ਨਿਯੁਕਤੀ ਅਤੇ ਕਾਂਗਰਸ ਲੀਡਰਸ਼ਿਪ ਵੱਲੋਂ ਉਨ੍ਹਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਵਾਅਦਾ ਕੀਤੇ ਜਾਣ ਬਾਰੇ ਗੱਲ ਕੀਤੀ ਸੀ।
ਉਨ੍ਹਾਂ ਨੇ ਅੱਗੇ ਦਾਅਵਾ ਕੀਤਾ ਕਿ ਟਾਈਟਲਰ ਨੇ ਕਿਹਾ ਕਿ ਉਸ ਦੇ ਪੁੱਤਰ ਦੀ ਇੱਕ ਕੰਪਨੀ ਵਿੱਚ ਭਾਈਵਾਲੀ ਹੈ ਜਿਸ ਦੇ ਸਵਿਸ ਬੈਂਕ ਖਾਤੇ ਵਿੱਚ ਹੈ ਅਤੇ ਉਸ ਦੇ ਕੁਝ ਦੋਸਤਾਂ ਨੇ ਉਸ ਤੋਂ 150 ਕਰੋੜ ਰੁਪਏ ਦੀ ਠੱਗੀ ਮਾਰੀ ਹੈ।
ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਿੱਖਾਂ ਨੂੰ ਜ਼ਰੂਰ ਇਨਸਾਫ਼ ਮਿਲੇਗਾ, ਕਿਉਂਕਿ 40 ਸਾਲਾਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਅਤੇ ਹੁਣ ਸੁਣਵਾਈ ਵੀ ਤੇਜ਼ੀ ਨਾਲ ਹੋ ਰਹੀ ਹੈ।