ਤੂਫ਼ਾਨ ਦਾ ਕਹਿਰ : ਤ੍ਰਿਪੁਰਾ 'ਚ 1800 ਘਰਾਂ ਨੂੰ ਨੁਕਸਾਨ, ਇਕ ਬਜ਼ੁਰਗ ਦੀ ਮੌਤ
ਦੇਸ਼ ਦੇ ਸਾਰੇ ਸੂਬਿਆਂ ਵਿਚ ਤੂਫ਼ਾਨ ਦੀ ਵਜ੍ਹਾ ਨਾਲ ਨੁਕਸਾਨ ਦੀਆਂ ਖ਼ਬਰਾਂ ਆ ਰਹੀਆਂ ਹਨ। ਤ੍ਰਿਪੁਰਾ ਵਿਚ ਤੂਫ਼ਾਨ ਦਾ ਕਹਿਰ ਦੇਖਣ ਨੂੰ ਮਿਲਿਆ ਹੈ।
ਤ੍ਰਿਪੁਰਾ : ਦੇਸ਼ ਦੇ ਸਾਰੇ ਸੂਬਿਆਂ ਵਿਚ ਤੂਫ਼ਾਨ ਦੀ ਵਜ੍ਹਾ ਨਾਲ ਨੁਕਸਾਨ ਦੀਆਂ ਖ਼ਬਰਾਂ ਆ ਰਹੀਆਂ ਹਨ। ਤ੍ਰਿਪੁਰਾ ਵਿਚ ਤੂਫ਼ਾਨ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਜਿੱਥੇ ਪਿਛਲੇ 48 ਘੰਟਿਆਂ ਦੌਰਾਨ ਤੇਜ਼ ਹਨ੍ਹੇਰੀ-ਤੂਫ਼ਾਨ ਦੀ ਵਜ੍ਹਾ ਨਾਲ 1800 ਘਰ ਨੁਕਸਾਨੇ ਗਏ।
ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ ਦੇ ਅਧਿਕਾਰੀਆਂ ਮੁਤਾਬਕ ਤੂਫ਼ਾਨ ਦੀ ਲਪੇਟ ਵਿਚ ਆਉਣ ਨਾਲ ਇਕ ਬਜ਼ੁਰਗ ਦੀ ਮੌਤ ਹੋ ਗਈ।
ਤੂਫ਼ਾਨ ਦੀ ਵਜ੍ਹਾ ਨਾਲ ਸੂਬੇ ਵਿਚ ਖੋਵਾਈ ਸਭ ਤੋਂ ਜ਼ਿਆਦਾ ਪ੍ਰਭਾਵਤ ਹੈ। ਉਥੇ ਧਲਾਈ, ਗੋਮਤੀ, ਊਨਾਕੋਟੀ, ਸਿਪਾਹੀਜਾਲਾ ਅਤੇ ਦੱਖਣੀ ਤ੍ਰਿਪੁਰਾ ਦੇ ਕਈ ਜ਼ਿਲ੍ਹੇ ਵੀ ਪ੍ਰਭਾਵਤ ਹਨ। ਸੂਬੇ ਵਿਚ ਤੂਫ਼ਾਨ ਪੀੜਤਾਂ ਦੀ ਸਹਾਇਤਾ ਲਈ 16 ਰਿਲੀਫ਼ ਕੈਂਪ ਸਥਾਪਤ ਕੀਤੇ ਗਏ ਹਨ, ਜਿਸ ਵਿਚ 2500 ਲੋਕਾਂ ਨੂੰ ਰਖਿਆ ਗਿਆ ਹੈ। ਕੈਂਪ ਵਿਚ ਰਾਸ਼ਣ ਅਤੇ ਦਵਾਈਆਂ ਆਦਿ ਦੀ ਵੀ ਸਪਲਾਈ ਕੀਤੀ ਜਾ ਰਹੀ ਹੈ। ਸਰਕਾਰ ਸਥਿਤੀ 'ਤੇ ਬਰੀਕੀ ਨਾਲ ਨਜ਼ਰ ਰੱਖ ਰਹੀ ਹੈ।
ਦਸ ਦਈਏ ਕਿ ਦੇਸ਼ ਦੇ ਸਾਰੇ ਸੂਬਿਆਂ ਵਿਚ ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ ਅਲਰਟ ਹੈ। ਦਿੱਲੀ ਸਰਕਾਰ ਅਤੇ ਹਰਿਆਣਾ ਸਰਕਾਰ ਨੇ ਹਨ੍ਹੇਰੀ-ਤੂਫ਼ਾਨ ਅਤੇ ਭਾਰੀ ਬਾਰਸ਼ ਦੀ ਚਿਤਾਵਨੀ ਦੇ ਮੱਦੇਨਜ਼ਰ ਸਕੂਲਾਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਬੀਤੇ ਦਿਨੀਂ ਰਾਜਸਥਾਨ ਅਤੇ ਉਤਰ ਪ੍ਰਦੇਸ਼ ਵਿਚ ਆਏ ਤੇਜ਼ ਤੁਫ਼ਾਨ ਨਾਲ ਕਰੀਬ 125 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਾਫ਼ੀ ਨੁਕਸਾਨ ਹੋਇਆ ਸੀ। ਇਹੀ ਵਜ੍ਹਾ ਹੈ ਕਿ ਸਰਕਾਰਾਂ ਅਤੇ ਏਜੰਸੀਆਂ ਕਾਫ਼ੀ ਸੂਝ-ਬੂਝ ਨਾਲ ਇਹਤਿਹਾਤ ਵਰਤ ਰਹੀ ਹੈ।