ਦੇਸ਼ ਨੂੰ ਦਰਪੇਸ਼ ਸੰਕਟਾਂ ਤੋਂ ਬਚਿਆ ਜਾ ਸਕਦਾ ਸੀ : ਡਾ. ਮਨਮੋਹਨ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੈਂਕਿੰਗ ਘਪਲੇ ਦੇ ਮਾਮਲੇ ਵਿਚ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਠੱਗੀ ਲਗਭਗ ਚੌਗੁਣੀ ਹੋ ਗਈ

Manmohan Singh

ਬੰਗਲੌਰ, 7 ਮਈ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਦੇਸ਼ ਇਸ ਵਕਤ ਜਿਨ੍ਹਾਂ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ, ਉਸ ਤੋਂ ਬਚਿਆ ਜਾ ਸਕਦਾ ਸੀ। ਉਨ੍ਹਾਂ ਬੈਂਕਿੰਗ ਘਪਲੇ ਦੇ ਮਾਮਲੇ ਵਿਚ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਠੱਗੀ ਲਗਭਗ ਚੌਗੁਣੀ ਹੋ ਗਈ ਜੋ ਸਤੰਬਰ 2013 ਵਿਚ 28,416 ਕਰੋੜ ਰੁਪਏ ਅਤੇ ਸਤੰਬਰ 2017 ਵਿਚ 1.11 ਲੱਖ ਕਰੋੜ ਰੁਪਏ ਸੀ। ਡਾ. ਮਨਮੋਹਨ ਸਿੰਘ ਨੇ ਕਿਹਾ, 'ਧੋਖਾਧੜੀ ਦੇ ਦੋਸ਼ੀ ਦੇਸ਼ ਵਿਚ ਸਜ਼ਾ ਤੋਂ ਬਚ ਕੇ ਨਿਕਲਣ ਵਿਚ ਕਾਮਯਾਬ ਰਹੇ। ਮੈਂ ਬਹੁਤ ਧਿਆਨ ਅਤੇ ਜ਼ਿੰਮੇਵਾਰੀ ਨਾਲ ਕਹਿ ਰਿਹਾ ਹਾਂ ਕਿ ਮੋਦੀ ਸਰਕਾਰ ਦਾ ਆਰਥਕ ਕੁਪ੍ਰਬੰਧ ਬੈਂਕਿੰਗ ਖੇਤਰ ਵਿਚ ਆਮ ਲੋਕਾਂ ਦੇ ਵਿਸ਼ਵਾਸ ਨੂੰ ਹੌਲੀ ਹੌਲੀ  ਖ਼ਤਮ ਕਰ ਰਿਹਾ ਹੈ।'

ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਸਾਡਾ ਦੇਸ਼ ਬਿਲਕੁਲ ਮੁਸ਼ਕਲ ਦੌਰ ਵਿਚੋਂ ਲੰਘ ਰਿਹਾ ਹੈ। ਸਾਡੇ ਕਿਸਾਨ ਗੰਭੀਰ ਆਰਥਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਅਰਥਵਿਵਸਥਾ ਦਾ ਬੁਰਾ ਹਾਲ ਹੋਇਆ ਪਿਆ ਹੈ।' ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਇਨ੍ਹਾਂ ਸਾਰੇ ਸੰਕਟਾਂ ਤੋਂ ਪੂਰੀ ਤਰ੍ਹਾਂ ਬਚਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਦੋ ਵੱਡੀਆਂ ਗ਼ਲਤੀਆਂ ਕੀਤੀਆਂ-ਨੋਟਬੰਦੀ ਅਤੇ ਜੀਐਸਟੀ ਨੂੰ ਕਾਹਲੀ ਵਿਚ ਲਾਗੂ ਕਰਨਾ ਤੇ ਇਨ੍ਹਾਂ ਤੋਂ ਬਚਿਆ ਜਾ ਸਕਦਾ ਸੀ। ਡਾ. ਮਨਮੋਹਨ ਸਿੰਘ ਨੇ ਕਿਹਾ, 'ਮੈਨੂੰ ਇਹ ਵੇਖ ਕੇ ਦੁੱਖ ਹੁੰਦਾ ਹੈ ਕਿ ਜਦ ਕਮੀਆਂ ਵਲ ਧਿਆਨ ਦਿਵਾਇਆ ਜਾਂਦਾ ਹੈ ਤਾਂ ਸਰਕਾਰ ਦਾ ਰਵਈਆ ਮਤਭੇਦਾਂ ਨੂੰ ਦਬਾਉਣ ਦਾ ਰਹਿੰਦਾ ਹੈ।' (ਏਜੰਸੀ)