ਅਣਵਿਆਹੀਆਂ ਔਰਤਾਂ ਤੇ ਕਲੀਨ ਸ਼ੇਵ ਸ਼ਰਧਾਲੂ ਜਥੇ 'ਚ ਨਹੀਂ ਜਾ ਸਕਣਗੇ ਪਾਕਿਸਤਾਨ!
ਪਿਛਲੇ ਦਿਨੀਂ ਪੰਜਾਬ ਤੋਂ ਪਾਕਿਸਤਾਨ ਗਏ ਸਿੱਖਾਂ ਦੇ ਇਕ ਜਥੇ ਵਿਚੋਂ ਇਕ ਔਰਤ ਵਲੋਂ ਪਾਕਿਸਤਾਨ ਵਿਚ ਵਿਆਹ ਕਰਵਾਉਣ ਦੇ ਘਟਨਾਕ੍ਰਮ ਨੇ ...
ਅੰਮ੍ਰਿਤਸਰ : ਪਿਛਲੇ ਦਿਨੀਂ ਪੰਜਾਬ ਤੋਂ ਪਾਕਿਸਤਾਨ ਗਏ ਸਿੱਖਾਂ ਦੇ ਇਕ ਜਥੇ ਵਿਚੋਂ ਇਕ ਔਰਤ ਵਲੋਂ ਪਾਕਿਸਤਾਨ ਵਿਚ ਵਿਆਹ ਕਰਵਾਉਣ ਦੇ ਘਟਨਾਕ੍ਰਮ ਨੇ ਪਾਕਿਸਤਾਨ ਜਾਣ ਵਾਲੇ ਸਿੱਖ ਜਥਿਆਂ 'ਤੇ ਸਵਾਲ ਖੜ੍ਹੇ ਕਰ ਦਿਤੇ ਸਨ। ਯਕੀਨਨ ਤੌਰ 'ਤੇ ਇਸ ਘਟਨਾਕ੍ਰਮ ਨਾਲ ਸਿੱਖਾਂ ਦੀ ਅਤਿ ਭਰੋਸੇਯੋਗਤਾ ਵਾਲੇ ਅਕਸ ਨੂੰ ਢਾਅ ਲੱਗੀ ਹੈ ਪਰ ਹੁਣ ਸਿੱਖਾਂ ਦੇ ਇਕ ਸਮੂਹ ਨੇ ਪਾਕਿਸਤਾਨ ਵਾਲੇ ਜਾਣ ਵਾਲੇ ਜਥਿਆਂ ਨੂੰ ਲੈ ਕੇ ਵੱਡਾ ਫ਼ੈਸਲਾ ਕੀਤਾ ਹੈ।
ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ 'ਤੇ ਲੋਕਾਂ ਨੂੰ ਲਿਜਾਣ ਵਾਲੇ ਨਨਕਾਣਾ ਸਾਹਿਬ ਸਿੱਖ ਤੀਰਥ ਯਾਤਰੀ ਜਥਾ, ਭਾਈ ਮਰਦਾਨਾ ਯਾਦਗਾਰੀ ਕੀਰਤੀ ਦਰਬਾਰ ਸੁਸਾਇਟੀ, ਸੈਨ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ, ਹਰਿਆਣਾ ਗੁਰਧਾਮ ਕਮੇਟੀ, ਖਾਲੜਾ ਮਿਸ਼ਨ ਕਮੇਟੀ ਅਤੇ ਜੰਮੂ ਕਸ਼ਮੀਰ ਸਿੱਖ ਯਾਤਰਾ ਕਮੇਟੀ ਨੇ ਮਿਲ ਕੇ ਫ਼ੈਸਲਾ ਕੀਤਾ ਹੈ ਕਿ ਹੁਣ ਪਾਕਿਸਤਾਨ ਜਾਣ ਵਾਲੇ ਤੀਰਥ ਯਾਤਰੀਆਂ ਵਿਚ ਅਣਵਿਆਹੀ ਔਰਤ ਅਤੇ ਕਲੀਨ ਸ਼ੇਵ ਰੱਖਣ ਵਾਲੇ ਸਿੱਖਾਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ।
ਨਨਕਾਣਾ ਸਾਹਿਬ ਸਿੱਖ ਤੀਰਥ ਯਾਤਰੀ ਜਥਾ ਦੇ ਪ੍ਰਧਾਨ ਸਵਰਨ ਸਿੰਘ ਗਿੱਲ ਨੇ ਦਸਿਆ ਕਿ 8 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਹ ਪਾਕਿਸਤਾਨ ਜਾ ਰਹੇ ਹਨ। ਇਸੇ ਮਹੀਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਵੀ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਸ਼ਰਨਾਰਥੀ ਸੰਪਤੀ ਟਰੱਸਟ ਬੋਰਡ ਨੇ ਸਾਨੂੰ ਪਹਿਲਾਂ ਹੀ ਆਖ ਦਿਤਾ ਹੈ ਕਿ ਅਣਵਿਆਹੀਆਂ ਔਰਤਾਂ ਅਤੇ ਗ਼ੈਰ ਸਿੱਖਾਂ ਨੂੰ ਪਾਕਿਸਤਾਨ ਆਉਣ ਵਾਲੇ ਜਥੇ ਵਿਚ ਸ਼ਾਮਲ ਨਾ ਕੀਤਾ ਜਾਵੇ।
ਦਸ ਦਈਏ ਕਿ ਅਪ੍ਰੈਲ ਮਹੀਨੇ ਵਿਸਾਖੀ ਮੌਕੇ ਪਾਕਿਸਤਾਨ ਗਏ ਜਥੇ ਵਿਚ ਸ਼ਾਮਲ ਇਕ ਔਰਤ ਕਿਰਨ ਬਾਲਾ ਨੇ ਉਥੇ ਇਸਲਾਮ ਕਬੂਲ ਕਰਦੇ ਹੋਏ ਇਕ ਪਾਕਿਸਤਾਨੀ ਨਾਗਰਿਕ ਨਾਲ ਵਿਆਹ ਕਰਵਾ ਲਿਆ ਸੀ ਜਦਕਿ ਇਕ ਹੋਰ ਸ਼ਰਧਾਲੂ ਅਮਰਜੀਤ ਜਥੇ ਵਿਚੋਂ ਗਾਇਬ ਹੋ ਗਿਆ ਸੀ, ਜਿਸ ਨੂੰ ਬਾਅਦ ਵਿਚ ਭਾਰਤ ਭੇਜ ਦਿਤਾ ਗਿਆ ਸੀ।