ਕੋਰੋਨਾ ਸੰਕਟ 'ਤੇ ਬੋਲੇ ਰਾਹੁਲ ਗਾਂਧੀ, 'ਸਰਕਾਰ ਜਨਤਾ ਨੂੰ ਦੱਸੇ ਕਿ ਲੌਕਡਾਊਨ ਕਦੋਂ ਖੁੱਲ੍ਹੇਗਾ?'

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਸਵੇਰੇ ਵੀਡੀਓ ਕਾਨਫਰੰਸਿੰਗ ਰਾਹੀਂ ਮੀਡੀਆ ਨਾਲ ਗੱਲਬਾਤ ਕੀਤੀ।

Photo

ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਸਵੇਰੇ ਵੀਡੀਓ ਕਾਨਫਰੰਸਿੰਗ ਰਾਹੀਂ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਨੇ ਕੋਰੋਨਾ ਵਾਇਰਸ ਅਤੇ ਲੌਕਡਾਉਨ ਦੇ ਲਗਾਤਾਰ ਵੱਧ ਰਹੇ ਸੰਕਟ ਕਾਰਨ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਿਆ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੂੰ ਲੌਕਡਾਊਨ ਖੋਲ੍ਹਣ ਦੀ ਨੀਤੀ ਜਨਤਾ ਨੂੰ ਦੱਸਣੀ ਚਾਹੀਦੀ ਹੈ ਅਤੇ ਮਜ਼ਦੂਰਾਂ ਦੇ ਖਾਤੇ ਵਿਚ ਸਿੱਧੇ ਪੈਸੇ ਪਾਉਣੇ ਚਾਹੀਦੇ ਹਨ।

ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿਚ ਕੋਰੋਨਾ ਦੀ ਰਫ਼ਤਾਰ ਜੂਨ-ਜੁਲਾਈ ਤੋਂ ਬਾਅਦ ਵੀ ਤੇਜ਼ ਹੋ ਸਕਦੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਨੇ ਸਰਕਾਰ ਨੂੰ ਕੁਝ ਸੁਝਾਅ ਦੇਣ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਜਦੋਂ ਛੋਟੇ ਕਾਰੋਬਾਰੀਆਂ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ ਜਾਵੇ ਤੇ ਲੌਕ਼ਡਾਊਨ ਖੋਲ੍ਹਣ ਦੀ ਤਿਆਰੀ ਕੀਤੀ ਜਾਵੇ।

ਰਾਹੁਲ ਗਾਂਧੀ ਨੇ ਕਿਹਾ ਕਿ ਹੁਣ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਹੋ ਰਿਹਾ ਹੈ, ਜਨਤਾ ਨੂੰ ਦੱਸਣਾ ਹੋਵੇਗਾ ਕੇ ਆਖਿਰ ਲੌਕਡਾਊਨ ਕਦੋਂ ਖੁੱਲ੍ਹੇਗਾ। ਲੋਕਾਂ ਨੂੰ ਦੱਸਣਾ ਜ਼ਰੂਰੀ ਹੈ ਕਿ ਕਿਸ ਸਥਿਤੀ ਵਿਚ ਲੌਕਡਾਊਨ ਖੋਲ੍ਹਿਆ ਜਾਵੇਗਾ। ਲੌਕਡਾਊਨ ਦੌਰਾਨ ਕਾਫੀ ਕੁਝ ਬਦਲ ਗਿਆ ਹੈ, ਹੁਣ ਇਹ ਮਹਾਮਾਰੀ ਕਾਫ਼ੀ ਖਤਰਨਾਕ ਹੋ ਗਈ ਹੈ।

ਕਾਂਗਰਸ ਨੇਤਾ ਨੇ ਕਿਹਾ ਕਿ ਰਾਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੇਂਦਰ ਸਰਕਾਰ ਦਾ ਹਿੱਸੇਦਾਰ ਬਣਨਾ ਚਾਹੀਦਾ ਹੈ ਅਤੇ ਰਣਨੀਤੀ 'ਤੇ ਇਕੱਠੇ ਕੰਮ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹੁਣ ਲੌਕਡਾਊਨ ਖੋਲ੍ਹਣ ਦੀ ਲੋੜ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਨਿਆਂ ਯੋਜਨਾ ਦੀ ਮਦਦ ਨਾਲ ਲੋਕਾਂ ਦੇ ਹੱਥਾਂ ਵਿਚ ਪੈਸੇ ਦੇਣੇ ਚਾਹੀਦੇ ਹਨ, ਇਸ ਨਾਲ 65 ਹਜ਼ਾਰ ਕਰੋੜ ਦਾ ਖਰਚਾ ਆਵੇਗਾ। 

ਕਾਂਗਰਸ ਨੇਤਾ ਨੇ ਕਿਹਾ ਕਿ ਸਰਕਾਰ ਸੋਚ ਰਹੀ ਹੈ ਕਿ ਜੇਕਰ ਤੇਜ਼ੀ ਨਾਲ ਪੈਸਾ ਖਰਚ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ ਤਾਂ ਹਾਲਾਤ ਖ਼ਰਾਬ ਹੋ ਜਾਣਗੇ ਪਰ ਸਰਕਾਰ ਨੂੰ ਇਸ ਸਮੇਂ ਰਿਸਕ ਲੈਣ ਦੀ ਲੋੜ ਹੈ ਕਿਉਂਕਿ ਜ਼ਮੀਨੀ ਪੱਧਰ 'ਤੇ ਪੈਸਾ ਪਹੁੰਚਣਾ ਜ਼ਰੂਰੀ ਹੈ। 

ਉਹਨਾਂ ਕਿਹਾ ਕਿ ਮੁੱਖ ਮੰਤਰੀਆਂ ਨੇ ਸਾਨੂੰ ਅਪਣੇ ਸੂਬਿਆਂ ਦੀ ਹਾਲਤ ਦੱਸੀ ਹੈ, ਕੇਂਦਰ ਤੋਂ ਪੈਸੇ ਨਹੀਂ ਮਿਲ ਰਹੇ। ਦੇਸ਼ ਵਿਚ ਆਮ ਹਾਲਾਤ ਨਹੀਂ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਕੋਈ ਆਰਐਸਐਸ, ਕਾਂਗਰਸ ਜਾਂ ਬੀਜੇਪੀ ਨਹੀਂ ਹੈ, ਹਰ ਕਿਸੇ ਨੂੰ ਹਿੰਦੁਸਤਾਨੀ ਦੀ ਤਰ੍ਹਾਂ ਖੜ੍ਹਾ ਹੋਣਾ ਪਵੇਗਾ ਅਤੇ ਲੜਨਾ ਪਵੇਗਾ।