ਆਂਧਰਾ ਪ੍ਰਦੇਸ਼: ਚੂਨਾ ਪੱਥਰ ਖਾਨ 'ਚ ਧਮਾਕਾ, 10 ਦੀ ਮੌਤ  

ਏਜੰਸੀ

ਖ਼ਬਰਾਂ, ਰਾਸ਼ਟਰੀ

ਬਹੁਤ ਸਾਰੇ ਲੋਕ ਮਲਬੇ ਹੇਠਾਂ ਫਸੇ ਹੋਣ ਦਾ ਵੀ ਖ਼ਦਸ਼ਾ ਹੈ।

Andhra Pradesh: 10 killed, several injured in blast at quarry in Kadapa

ਅਮਰਾਵਤੀ : ਆਂਧਰਾ ਪ੍ਰਦੇਸ਼ ਦੇ ਕਡਾਪਾ ਵਿਚ ਇਕ ਭਿਆਨਕ ਹਾਦਸਾ ਵਾਪਰਿਆ ਹੈ। ਦਰਅਸਲ ਇੱਥੇ ਚੂਨੇ ਦੇ ਪੱਥਰ ਦੇ ਧਮਾਕੇ ਵਿਚ ਘੱਟੋ ਘੱਟ 10 ਲੋਕਾਂ ਦੀ ਦਰਦਨਾਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਧਮਾਕੇ ਤੋਂ ਬਾਅਦ ਬਹੁਤ ਸਾਰੇ ਲੋਕ ਮਲਬੇ ਹੇਠਾਂ ਫਸੇ ਹੋਣ ਦਾ ਵੀ ਖ਼ਦਸ਼ਾ ਹੈ। ਇਹ ਹਾਦਸਾ ਸਵੇਰੇ ਕਲਾਸਪਾਡੂ ਬਲਾਕ ਦੇ ਮਾਮਿੱਲਾਪੱਲੀ ਪਿੰਡ ਵਿਚ ਵਾਪਰਿਆ। ਸਾਰੇ ਪੀੜਤ ਖਾਨ ਵਿਚ ਕੰਮ ਕਰ ਰਹੇ ਸਨ।  

ਕਡਾਪਾ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਕੇ ਅੰਬੁਰਾਜਨ ਨੇ ਦੱਸਿਆ ਕਿ ਇਹ ਹਾਦਸਾ ਉਦੋਂ ਹੋਇਆ, ਜਦੋਂ ਮਾਮਿੱਲਾਪੱਲੀ ਪਿੰਡ ਦੇ ਬਾਹਰ ਸਥਿਤ ਚੂਨਾ ਪੱਥਰ ਦੀ ਖਾਨ 'ਤੇ ਜਿਲੇਟਿਨ ਦੀਆਂ ਛੜਾਂ ਦੀ ਇਕ ਖੇਪ ਉਤਾਰੀ ਜਾ ਰਹੀ ਸੀ। ਧਮਾਕਾ ਇੰਨਾ ਤੇਜ਼ ਸੀ ਕਿ ਵਾਹਨ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਜਿਲੇਟਿਨ ਦੀਆਂ ਇਹ ਛੜਾਂ ਬੁਡਵੇਲ ਤੋਂ ਲਿਆਂਦੀਆਂ ਗਈਆਂ ਸਨ।

ਹਾਦਸੇ ਵਾਲੀ ਜਗ੍ਹਾ 'ਤੇ ਮੌਜੂਦ ਐੱਸ.ਪੀ. ਨੇ ਦੱਸਿਆ,''ਇਹ ਲਾਇਸੈਂਸ ਪ੍ਰਾਪਤ ਖਾਨ ਹੈ ਅਤੇ ਪ੍ਰਮਾਣਿਤ ਸੰਚਾਲਕ ਵਲੋਂ ਇਹ ਖੇਪ ਲਿਆਂਦੀ ਗਈ ਸੀ। ਧਮਾਕਾ ਉਦੋਂ ਹੋਇਆ, ਜਦੋਂ ਛੜਾਂ ਨੂੰ ਵਾਹਨ ਤੋਂ ਉਤਾਰਿਆ ਜਾ ਰਿਹਾ ਸੀ। ਹਾਦਸੇ ਦਾ ਕਾਰਨ ਹਾਲੇ ਪਤਾ ਨਹੀਂ ਲੱਗਾ ਹੈ।

ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਇਕ ਬਿਆਨ ਅਨੁਸਾਰ, ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਨੇ ਕਡਾਪਾ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਗੱਲ ਕਰ ਕੇ ਘਟਨਾ ਦੀ ਜਾਣਕਾਰੀ ਲਈ। ਇਸ 'ਚ ਕਿਹਾ ਗਿਆ ਕਿ ਉਨ੍ਹਾਂ ਨੇ ਹਾਦਸੇ 'ਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰ ਪ੍ਰਤੀ ਆਪਣੀ ਹਮਦਰਦੀ ਜ਼ਾਹਰ ਕੀਤੀ ਹੈ।