CM ਕੇਜਰੀਵਾਲ ਨੇ ਕੀਤੀ ਹਰ ਮਹੀਨੇ 85 ਲੱਖ ਡੋਜ਼ ਦੀ ਮੰਗ, ਸਾਹਮਣੇ ਰੱਖਿਆ ਪੂਰਾ ਹਿਸਾਬ-ਕਿਤਾਬ
18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਜਲਦੀ ਤੋਂ ਜਲਦੀ ਕਿਸੇ ਟੀਕੇ ਦਾ ਪ੍ਰਬੰਧ ਕੀਤਾ ਜਾਵੇ। ਅੱਜ ਸਾਡੇ ਕੋਲ 5-6 ਦਿਨਾਂ ਦਾ ਟੀਕਾ ਦਿੱਲੀ ਵਿਚ ਬਚਿਆ ਹੈ।
ਨਵੀਂ ਦਿੱਲੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਸੰਕਟ ਦੇ ਚਲਦਿਆਂ ਅੱਜ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਇਸ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਦਿੱਲੀ ਵਿਚ ਵੈਕਸੀਨ ਦੀ ਬਹੁਤ ਕਮੀ ਹੈ। ਉਹਨਾਂ ਦੱਸਿਆ ਕਿ ਦਿੱਲੀ ਦੇ ਸਕੂਲਾਂ ਵਿਚ ਟੀਕਾਕਰਨ ਅਭਿਆਨ ਸ਼ੁਰੂ ਕੀਤਾ ਗਿਆ ਹੈ ਅਤੇ ਯੂਥ ਇਸ ਨੂੰ ਲੈ ਕੇ ਬਹੁਤ ਖੁਸ਼ ਹਨ। ਆਉਣ ਵਾਲੇ ਸਮੇਂ ਵਿਚ 300 ਸਕੂਲਾਂ ਵਿਚ ਵੈਕਸੀਨ ਸੈਂਟਰ ਹੋਣਗੇ।
ਉਹਨਾਂ ਕਿਹਾ ਕਿ ਉਹਨਾਂ ਨੇ ਲਗਭਗ 100 ਸਕੂਲਾਂ ਵਿਚ ਟੀਕਾਕਰਨ ਦਾ ਪ੍ਰਬੰਧ ਕੀਤਾ ਹੈ, ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਵਧਾ ਕੇ 250-300 ਸਕੂਲ ਕਰ ਦਿੱਤਾ ਜਾਵੇਗਾ। ਅੱਜ ਦਿੱਲੀ ਵਿਚ ਰੋਜ਼ਾਨਾ ਇੱਕ ਲੱਖ ਟੀਕੇ ਲਗਾਏ ਜਾ ਰਹੇ ਹਨ। 50,000 ਟੀਕੇ 45 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਅਤੇ 50,000 ਟੀਕੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਗਾਏ ਜਾ ਰਹੇ ਹਨ।
ਉਹਨਾਂ ਕਿਹਾ ਕਿ ਅੱਜ ਵੈਕਸੀਨ ਦੀ ਬਹੁਤ ਘਾਟ ਹੈ, ਜੇ ਸਾਨੂੰ ਵੱਡੀ ਮਾਤਰਾ ਵਿਚ ਟੀਕਾ ਮਿਲ ਜਾਵੇ ਤਾਂ ਅਸੀਂ ਤਿੰਨ ਮਹੀਨਿਆਂ ਵਿਚ ਪੂਰੀ ਦਿੱਲੀ ਦੇ ਲੋਕਾਂ ਦਾ ਟੀਕਾਕਰਨ ਕਰ ਸਕਦੇ ਹਾਂ। ਜੇ ਦਿੱਲੀ ਵਿਚ 18 ਸਾਲ ਤੋਂ ਵੱਧ ਉਮਰ ਦੇ 1.5 ਕਰੋੜ ਲੋਕ ਹਨ, ਤਾਂ 3 ਕਰੋੜ ਟੀਕਿਆਂ ਦੀ ਜ਼ਰੂਰਤ ਹੈ। ਦਿੱਲੀ ਸਰਕਾਰ ਨੂੰ ਹੁਣ ਤੱਕ ਕੁੱਲ 40 ਲੱਖ ਵੈਕਸੀਨ ਹੀ ਮਿਲੀ ਹੈ।
ਅਗਲੇ 3 ਮਹੀਨਿਆਂ ਲਈ ਸਾਨੂੰ ਹਰ ਮਹੀਨੇ 80-85 ਲੱਖ ਵੈਕਸੀਨ ਚਾਹੀਦੀ ਹੈ। ਅਸੀਂ ਹਰ ਰੋਜ਼ ਇਕ ਲੱਖ ਟੀਕੇ ਲਗਾ ਰਹੇ ਹਾਂ, ਸਾਨੂੰ ਹਰ ਰੋਜ਼ 3 ਲੱਖ ਵੈਕਸੀਨ ਲਗਾਉਣੀ ਹੋਵੇਗੀ। ਅਸੀਂ ਆਪਣੀ ਸਮਰੱਥਾ 3 ਲੱਖ ਵੈਕਸੀਨ ਦੀ ਕਰ ਸਕਦੇ ਹਾਂ। ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਾਨੂੰ ਢੁੱਕਵੀਂ ਮਾਤਰਾ ਵਿਚ ਟੀਕਾ ਮੁਹੱਈਆ ਕਰਵਾਉਣ।
ਉਹਨਾਂ ਕਿਹਾ ਕਿ ਮੈਂ ਸਾਰੇ ਮਾਹਰਾਂ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਜਲਦੀ ਤੋਂ ਜਲਦੀ ਕਿਸੇ ਟੀਕੇ ਦਾ ਪ੍ਰਬੰਧ ਕੀਤਾ ਜਾਵੇ। ਅੱਜ ਸਾਡੇ ਕੋਲ 5-6 ਦਿਨਾਂ ਦਾ ਟੀਕਾ ਦਿੱਲੀ ਵਿਚ ਬਚਿਆ ਹੈ।