ਪੰਜਾਬ ਪੁਲਿਸ ਨੇ 3 ਪਿਸਤੌਲਾਂ ਤੇ ਹਥਿਆਰਾਂ ਸਣੇ ਮੁਲਜ਼ਮ ਕੀਤਾ ਕਾਬੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਫੜੇ ਗਏ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਜਬਰੀ ਵਸੂਲੀ, ਅਸਲਾ ਐਕਟ, ਸਨੈਚਿੰਗ, ਡਕੈਤੀ ਸਮੇਤ ਛੇ ਕੇਸ ਦਰਜ

Punjab Police arrested the accused with 3 pistols and weapons

 

 ਚੰਡੀਗੜ੍ਹ:  ਟਾਰਗੇਟ ਕਿਲਿੰਗ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਖਰੜ ਦੇ ਨਡਿਆਲਾ ਚੌਕ ਤੋਂ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਗੁਰਿੰਦਰ ਸਿੰਘ ਉਰਫ਼ ਗੁਰੀ ਸ਼ੇਰਾ ਵਾਸੀ ਪਿੰਡ ਸਿੰਧਵਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਜੋਂ ਹੋਈ ਹੈ। ਗੁਰੀ ਸ਼ੇਰਾ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਸ ਵਿਰੁੱਧ ਸੂਬੇ ਵਿੱਚ ਜਬਰੀ ਵਸੂਲੀ, ਅਸਲਾ ਐਕਟ, ਸਨੈਚਿੰਗ, ਡਕੈਤੀ ਸਮੇਤ ਛੇ ਕੇਸ ਦਰਜ ਹਨ।

 ਪੁਲਿਸ ਨੇ ਉਸ ਦੇ ਕਬਜ਼ੇ 'ਚੋਂ 10 ਕਾਰਤੂਸ ਸਮੇਤ ਦੋ .30 ਕੈਲੀਬਰ ਪਿਸਤੌਲ ਅਤੇ ਇੱਕ .32 ਕੈਲੀਬਰ ਪਿਸਤੌਲ ਵੀ ਬਰਾਮਦ ਕੀਤਾ ਹੈ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਪੜ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਭਰੋਸੇਮੰਦ ਸੂਚਨਾਵਾਂ ਦੇ ਆਧਾਰ 'ਤੇ ਗੁਰੀ ਸ਼ੇਰਾ ਅਤੇ ਉਸ ਦੇ ਸਾਥੀ ਗੁਰਪ੍ਰੀਤ ਸਿੰਘ ਉਰਫ ਜੋਨੀ ਵਾਸੀ ਪਿੰਡ ਮਲਕਪੁਰ ਜੱਟਾਂ, ਪਟਿਆਲਾ ਦੇ ਪਿੰਡ ਮਲਕਪੁਰ ਜੱਟਾਂ ਦੇ ਨਾਲ ਹਥਿਆਰਾਂ ਦੀ ਨਜਾਇਜ਼ ਤਸਕਰੀ ਵਿੱਚ ਸ਼ਾਮਲ ਹੋਣ ਦੇ ਬਾਅਦ ਇੱਕ ਮਾਮਲਾ ਦਰਜ ਕੀਤਾ ਗਿਆ ਹੈ।  ਉਨ੍ਹਾਂ ਖਿਲਾਫ ਥਾਣਾ ਸਿਟੀ ਖਰੜ, ਐਸ.ਏ.ਐਸ.ਨਗਰ ਵਿਖੇ ਕੇਸ ਦਰਜ ਕੀਤਾ ਗਿਆ ਹੈ।

 ਉਨ੍ਹਾਂ ਦੱਸਿਆ ਕਿ ਸੂਚਨਾ 'ਤੇ ਕਾਰਵਾਈ ਕਰਦਿਆਂ ਐਸ.ਏ.ਐਸ.ਨਗਰ ਵਿਵੇਕ ਸ਼ੀਲ ਸੋਨੀ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਗੁਰੀ ਸ਼ੇਰਾ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ ਤਿੰਨ ਪਿਸਤੌਲ ਅਤੇ ਅਸਲਾ ਬਰਾਮਦ ਕੀਤਾ ਹੈ| ਡੀਆਈਜੀ ਭੁੱਲਰ ਨੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਗੁਰੀ ਨੇ ਖੁਲਾਸਾ ਕੀਤਾ ਕਿ ਉਹ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਤੋਂ ਹਥਿਆਰ ਅਤੇ ਗੋਲਾ-ਬਾਰੂਦ ਮੰਗਵਾਉਂਦਾ ਸੀ ਅਤੇ ਉਸ ਨੂੰ ਯੂਰਪੀ ਆਧਾਰਿਤ ਹੈਂਡਲਰ ਵੱਲੋਂ ਪੰਜਾਬ ਦੇ ਇੱਕ ਅਹਿਮ ਸ਼ਹਿਰ ਵਿੱਚ ਕਿਸੇ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਲਈ ਨਿਰਦੇਸ਼ ਦਿੱਤਾ ਗਿਆ ਸੀ।

 ਇਸ ਸਨਸਨੀਖੇਜ਼ ਜੁਰਮ ਨੂੰ ਅੰਜਾਮ ਦੇਣ ਲਈ ਹਥਿਆਰ/ਗੋਲਾ ਬਾਰੂਦ ਅਤੇ ਲੌਜਿਸਟਿਕ ਸਹਾਇਤਾ ਖਰੀਦਣ ਲਈ 1.50 ਲੱਖ ਰੁਪਏ ਦਾ ਭੁਗਤਾਨ ਵੀ ਕੀਤਾ ਗਿਆ ਸੀ।  ਉਨ੍ਹਾਂ ਕਿਹਾ ਕਿ ਉਹ ਇਹ ਹਥਿਆਰ ਪੰਜਾਬ ਵਿੱਚ ਆਪਣੇ ਗੈਂਗ ਦੇ ਮੈਂਬਰਾਂ ਨੂੰ ਵੀ ਪਹੁੰਚਾਉਂਦੇ ਸਨ। ਡੀਆਈਜੀ ਨੇ ਕਿਹਾ ਕਿ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਗੁਰੀ ਦੇ ਸਾਥੀ ਗੁਰਪ੍ਰੀਤ ਸਿੰਘ ਉਰਫ ਜੋਨੀ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਦੌਰਾਨ ਥਾਣਾ ਸਿਟੀ ਖਰੜ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25 (7) ਅਤੇ (8) ਤਹਿਤ ਮਿਤੀ 30-04-2022 ਨੂੰ ਐਫ.ਆਈ.ਆਰ ਨੰਬਰ 87 ਦਰਜ ਕੀਤੀ ਗਈ ਹੈ।