10 ਮਈ ਤੱਕ ਨਹੀਂ ਹੋਵੇਗੀ ਤਜਿੰਦਰ ਬੱਗਾ ਦੀ ਗ੍ਰਿਫ਼ਤਾਰੀ, ਮੋਹਾਲੀ ਕੋਰਟ ਦੇ ਵਾਰੰਟ 'ਤੇ ਹਾਈਕੋਰਟ ਨੇ ਲਗਾਈ ਰੋਕ 

ਏਜੰਸੀ

ਖ਼ਬਰਾਂ, ਰਾਸ਼ਟਰੀ

23 ਮਈ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ 

Tajinder Pal Singh Bagga

 

ਨਵੀਂ ਦਿੱਲੀ - ਭਾਜਪਾ ਆਗੂ ਤਜਿੰਦਰ ਸਿੰਘ ਬੱਗਾ ਨੂੰ ਪੰਜਾਬ-ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਬੱਗਾ ਦੀ ਗ੍ਰਿਫ਼ਤਾਰੀ 'ਤੇ 10 ਮਈ ਯਾਨੀ ਮੰਗਲਵਾਰ ਤੱਕ ਰੋਕ ਲਗਾ ਦਿੱਤੀ ਹੈ। ਜਸਟਿਸ ਅਨੂਪ ਚਿਤਕਾਰਾ ਨੇ ਤਜਿੰਦਰ ਬੱਗਾ ਦੀ ਪਟੀਸ਼ਨ 'ਤੇ ਦੇਰ ਰਾਤ ਅਪਣੇ ਘਰ ਸੁਣਵਾਈ ਕਰਦਿਆਂ ਇਹ ਫ਼ੈਸਲਾ ਦਿੱਤਾ।

 

ਦੱਸ ਦਈਏ ਕਿ ਮੋਹਾਲੀ ਅਦਾਲਤ ਨੇ ਸ਼ਨੀਵਾਰ ਸ਼ਾਮ ਨੂੰ ਹੀ ਬੱਗਾ ਖਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਇਸ ਮਾਮਲੇ ਦੀ ਸੁਣਵਾਈ 23 ਮਈ ਨੂੰ ਹੋਣੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਹੀ ਤਜਿੰਦਰ ਬੱਗਾ ਗ੍ਰਿਫ਼ਤਾਰੀ ਵਾਰੰਟ ਖਿਲਾਫ਼ ਪੰਜਾਬ-ਹਰਿਆਣਾ ਹਾਈਕੋਰਟ ਪਹੁੰਚ ਗਿਆ ਸੀ। ਇਹ ਗ੍ਰਿਫ਼ਤਾਰੀ ਵਾਰੰਟ ਦਿਲਚਸਪ ਇਸ ਲਈ ਹੈ ਕਿਉਂਕਿ ਸ਼ੁੱਕਰਵਾਰ ਨੂੰ ਪੰਜਾਬ ਪੁਲਿਸ ਨੂੰ ਦਿੱਲੀ ਅਤੇ ਹਰਿਆਣਾ ਪੁਲਿਸ ਹੱਥੋਂ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਤਜਿੰਦਰ ਬੱਗਾ ਨੂੰ ਪੰਜਾਬ ਲੈ ਕੇ ਜਾਣ ਵਾਲੀ ਪੰਜਾਬ ਪੁਲਿਸ ਨੂੰ ਸਭ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਰੋਕਿਆ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਥਾਣੇ ਵਿਚ ਬਿਠਾਇਆ ਗਿਆ।

ਇਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਤਜਿੰਦਰ ਬੱਗਾ ਨੂੰ ਪੰਜਾਬ ਪੁਲਿਸ ਦੀ ਗ੍ਰਿਫ਼ਤ 'ਚੋਂ ਛੁਡਵਾ ਲਿਆ ਅਤੇ ਤਜਿੰਦਰ ਬੱਗਾ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ। ਬੱਗਾ ਇਸ ਸਮੇਂ ਦਿੱਲੀ ਵਿਚ ਹੈ। ਬੀਤੀ ਸ਼ਾਮ ਮੁਹਾਲੀ ਕੋਰਟ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਕੇ ਪੰਜਾਬ ਪੁਲਿਸ ਨੂੰ ਇਹ ਹੁਕਮ ਦਿੱਤੇ ਸੀ ਕਿ ਤਜਿੰਦਰ ਬੱਗਾ ਨੂੰ ਗ੍ਰਿਫ਼ਤਾਰ ਕਰ ਕੇ ਕੋਰਟ ਵਿਚ ਪੇਸ਼ ਕੀਤਾ ਜਾਵੇ ਪਰ ਹੁਣ ਪੰਜਾਬ ਹਰਿਆਣਾ ਹਾਈਕੋਰਟ ਨੇ ਹੀ ਤਜਿੰਦਰ ਬੱਗਾ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾ ਦਿੱਤੀ ਹੈ ਤੇ ਮਾਮਲੇ ਦੀ ਅਗਲੀ ਸੁਣਵਾਈ 23 ਮਈ ਹੋਵੇਗੀ।