ਕਸ਼ਮੀਰ ਦੇ ਨੌਜਵਾਨ ਸਿੱਖ ਟ੍ਰੈਕਰ ਨੇ ਸੋਰਸ ਝੀਲ 'ਤੇ ਲਹਿਰਾਇਆ ਸ੍ਰੀ ਨਿਸ਼ਾਨ ਸਾਹਿਬ 

ਏਜੰਸੀ

ਖ਼ਬਰਾਂ, ਰਾਸ਼ਟਰੀ

ਲਗਭਗ 3,600 ਮੀਟਰ ਦੀ ਉਚਾਈ 'ਤੇ ਸਥਿਤ ਹੈ ਸੋਰਸ ਝੀਲ 

Sikh Trekker Amanpreet Singh

ਸ਼੍ਰੀਨਗਰ : ਬਡਗਾਮ ਦੇ ਰਹਿਣ ਵਾਲੇ ਇਕ ਨੌਜਵਾਨ ਸਿੱਖ ਟ੍ਰੈਕਰ ਨੇ ਸਿੱਖ ਭਾਈਚਾਰੇ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਅਮਨਪ੍ਰੀਤ ਸਿੰਘ ਨੇ ਪਹਿਲੀ ਵਾਰ ਸੋਰਸ ਝੀਲ 'ਤੇ ਪਹੁੰਚ ਕੇ ਪਵਿੱਤਰ ਸ੍ਰੀ ਨਿਸ਼ਾਨ ਸਾਹਿਬ (ਕੇਸਰੀ ਝੰਡਾ) ਲਹਿਰਾਇਆ ਹੈ। ਸੋਰਸ ਝੀਲ ਅਨੰਤਨਾਗ ਜ਼ਿਲ੍ਹੇ ਵਿਚ ਲਗਭਗ 3,600 ਮੀਟਰ ਦੀ ਉਚਾਈ 'ਤੇ ਸਥਿਤ ਹੈ। ਇਹ ਸੈਲਾਨੀਆਂ ਲਈ ਖ਼ਾਸ ਕਰ ਕੇ ਬਸੰਤ ਰੁੱਤ ਵਿਚ ਖਿੱਚ ਦਾ ਕੇਂਦਰ ਰਹਿੰਦੀ ਹੈ।

ਅਮਨਪ੍ਰੀਤ ਸਿੰਘ ਨੇ ਪਰਬਤਾਰੋਹੀ ਮੁਜ਼ੱਮਿਲ ਹੁਸੈਨ ਅਤੇ ਹੋਰ ਸਾਥੀਆਂ ਦੇ ਨਾਲ ਸੋਰਸ ਝੀਲ ਤਕ ਪਹੁੰਚਣ ਅਤੇ ਉਥੇ ਪਵਿੱਤਰ ਝੰਡਾ ਲਹਿਰਾਉਣ ਲਈ ਬਰਫ਼ ਨਾਲ ਢਕੇ ਪਹਾੜਾਂ ਨੂੰ ਸਰ ਕਰਨ ਲਈ 29 ਅਪ੍ਰੈਲ ਨੂੰ ਟ੍ਰੈਕਿੰਗ ਸ਼ੁਰੂ ਕੀਤੀ। ਟਿੰਡੇਲ ਬਿਸਕੋ ਸਕੂਲ ਅੰਮ੍ਰਿਤਸਰ ਦਾ ਸਾਬਕਾ ਵਿਦਿਆਰਥੀ ਅਮਨਪ੍ਰੀਤ ਸਿੰਘ ਨੂੰ ਬਚਪਨ ਤੋਂ ਹੀ ਪਹਾੜਾਂ ਅਤੇ ਕੁਦਰਤ ਨਾਲ ਲਗਾਅ ਹੈ। ਸਕੂਲ ਵਲੋਂ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਕਾਰਨ ਅਮਨਪ੍ਰੀਤ ਦਾ ਇਸ ਪਾਸੇ ਵਲ ਰੁਝਾਨ ਹੋਰ ਵੱਧ ਗਿਆ। ਉਹ ਹਾਲ ਹੀ ਵਿਚ ਕੁਝ ਐਥਲੀਟਾਂ ਦੀ ਅਗਵਾਈ ਵਿਚ ਇਕ ਸਥਾਨਕ ਟ੍ਰੈਕਿੰਗ ਸਮੂਹ ਵਿਚ ਸ਼ਾਮਲ ਹੋਏ ਸਨ ਅਤੇ ਇਥੇ ਵੀ ਉਨ੍ਹਾਂ ਨੇ ਅਪਣੀ ਕਾਬਲੀਅਤ ਦਾ ਸਬੂਤ ਦਿਤਾ।

ਸਥਾਨਕ ਮੀਡੀਆ ਨਾਲ ਗਲਬਾਤ ਦੌਰਾਨ ਅਮਨਪ੍ਰੀਤ ਸਿੰਘ ਨੇ ਦਸਿਆ ਕਿ ਜਦੋਂ ਉਹ ਪਿਤਾ ਰਜਿੰਦਰ ਸਿੰਘ ਨਾਲ ਅਪਣੇ ਪਿੰਡ ਬੀੜਵਾਹ ਗਿਆ ਤਾਂ ਉਨ੍ਹਾਂ ਦਸਿਆ ਕਿ ਇਸ ਟਰੈਕ ਵਿਚ ਸਭ ਤੋਂ ਵੱਡੀ ਚੁਨੌਤੀ ਬਰਫ਼ ਹੈ। ਅਮਨਪ੍ਰੀਤ ਸਿੰਘ ਨੇ ਕਿਹਾ ਕਿ ਟ੍ਰੈਕਿੰਗ ਦੌਰਾਨ ਬਰਫ਼ਬਾਰੀ ਨੇ ਮੈਨੂੰ ਹੀ ਨਹੀਂ, ਮੇਰੇ ਸਾਥੀਆਂ ਨੂੰ ਵੀ ਥਕਾ ਦਿਤਾ, ਪਰ ਨਿਸ਼ਾਨ ਸਾਹਿਬ ਲਹਿਰਾਉਣਾ ਮਾਣ ਵਾਲੀ ਗੱਲ ਸੀ। ਉਨ੍ਹਾਂ ਦਸਿਆ ਕਿ ਟਰੈਕ 'ਤੇ ਜਾਣ ਤੋਂ ਪਹਿਲਾਂ ਲੋੜੀਂਦੀ ਤਿਆਰੀ ਜ਼ਰੂਰੀ ਹੈ। ਢੁਕਵੇਂ ਕਪੜੇ ਅਤੇ ਜੁੱਤੀਆਂ ਤੋਂ ਇਲਾਵਾ ਢੁਕਵਾਂ ਭੋਜਨ, ਪਾਣੀ, ਕੰਪਾਸ, ਨਕਸ਼ਾ ਫ਼ਸਟ ਏਡ ਕਿੱਟ ਦਾ ਹੋਣਾ ਜ਼ਰੂਰੀ ਹੈ। ਤੁਹਾਨੂੰ ਰਸਤੇ ਵਿਚ ਮੌਸਮ ਦੀਆਂ ਸਥਿਤੀਆਂ ਅਤੇ ਸੰਭਾਵੀ ਖ਼ਤਰਿਆਂ ਤੋਂ ਜਾਣੂ ਹੋਣਾ ਚਾਹੀਦਾ ਹੈ।