ਕੋਰੋਨਾ : ਭਾਰਤ 10ਵੇਂ ਤੋਂ ਪੰਜਵੇਂ ਸਥਾਨ 'ਤੇ ਡਿੱਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਐਤਵਾਰ ਨੂੰ ਲਗਾਤਾਰ ਪੰਜਵੇਂ ਦਿਨ ਵੀ ਇਕ ਦਿਨ ਵਿਚ ਸੱਭ ਤੋਂ ਵੱਧ ਮਾਮਲੇ ਸਾਹਮਣੇ ਆਉਣ ਦਾ ਸਿਲਸਿਲਾ

File Photo

ਨਵੀਂ ਦਿੱਲੀ, 7 ਜੂਨ  : ਦੇਸ਼ ਵਿਚ ਐਤਵਾਰ ਨੂੰ ਲਗਾਤਾਰ ਪੰਜਵੇਂ ਦਿਨ ਵੀ ਇਕ ਦਿਨ ਵਿਚ ਸੱਭ ਤੋਂ ਵੱਧ ਮਾਮਲੇ ਸਾਹਮਣੇ ਆਉਣ ਦਾ ਸਿਲਸਿਲਾ ਜਾਰੀ ਰਿਹਾ ਜਿਥੇ 9971 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੁਲ ਪੀੜਤਾਂ ਦੀ ਗਿਣਤੀ 2,46,628 'ਤੇ ਪਹੁੰਚ ਗਈ ਅਤੇ ਮ੍ਰਿਤਕਾਂ ਦੀ ਗਿਣਤੀ 6929 ਹੋ ਗਈ ਹੈ।      ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਭਾਰਤ ਵਿਚ ਸਨਿਚਰਵਾਰ ਸਵੇਰੇ ਤੋਂ ਲੈ ਕੇ ਪਿਛਲੇ 24 ਘੰਟਿਆਂ ਵਿਚ 287 ਲੋਕਾਂ ਦੀ ਮੌਤ ਹੋਈ ਹੈ। ਸਨਿਚਰਵਾਰ ਨੂੰ ਭਾਰਤ ਸਪੇਨ ਨੂੰ ਪਿੱਛੇ ਛੱਡ ਕੇ ਕੋਵਿਡ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਦੁਨੀਆਂ ਦਾ ਪੰਜਵਾਂ ਦੇਸ਼ ਬਣ ਗਿਆ ਸੀ। ਹੁਣ ਸਿਰਫ਼, ਅਮਰੀਕਾ, ਬ੍ਰਾਜ਼ੀਲ, ਰੂਸ ਅਤੇ ਬ੍ਰਿਟੇਨ ਹੀ ਭਾਰਤ ਤੋਂ ਅੱਗੇ ਹਨ।

ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿਚ ਹੁਣ ਵੀ 120406 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹਨ। ਮੰਤਰਾਲੇ ਨੇ ਦਸਿਆ ਕਿ ਕੁਲ 119292 ਲੋਕ ਬੀਮਾਰੀ ਤੋਂ ਸਿਹਤਯਾਬ ਹੋ ਚੁਕੇ ਹਨ ਅਤੇ ਇਕ ਮਰੀਜ਼ ਵਿਦੇਸ਼ ਚਲਾ ਗਿਆ ਹੈ। ਮੰਤਰਾਲੇ ਨੇ ਦਸਿਆ ਕਿ ਬੀਤੇ 24 ਘੰਟਿਆਂ ਵਿਚ 5220 ਕੋਵਿਡ ਮਰੀਜ਼ ਠੀਕ ਹੋਏ ਹਨ। ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਕਿਹਾ, 'ਹੁਣ ਤਕ ਲਗਭਗ 48.36 ਫ਼ੀ ਸਦੀ ਮਰੀਜ਼ ਸਿਹਤਯਾਬ ਹੋ ਚੁਕੇ ਹਨ।'

ਲਾਗ ਦੇ ਕੁਲ ਮਾਮਲਿਆਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਨੇ ਪੀੜਤਾਂ ਦਾ ਪਤਾ ਲਾਉਣ ਲਈ ਜਾਂਚ ਸਮਰੱਥਾ ਵਿਚ ਹੋਰ ਵਾਧਾ ਕੀਤਾ ਹੈ। ਹੁਣ 531 ਸਰਕਾਰੀ ਲੈਬਾਂ ਅਤੇ 228 ਨਿਜੀ ਲੈਬਾਂ ਵਿਚ ਕੋਵਿਡ 19 ਜਾਂਚ ਦੀ ਸਹੂਲਤ ਮੁਹਈਆ ਕਰਾਈ ਗਈ ਹੈ। ਇਸ ਤਰ੍ਹਾਂ ਦੇਸ਼ ਵਿਚ ਕੁਲ 759 ਲੈਬਾਂ ਵਿਚ ਕੋਵਿਡ-19 ਦੀ ਜਾਂਚ ਕੀਤੀ ਜਾ ਰਹੀ ਹੈ। ਮੰਤਰਾਲੇ ਮੁਤਾਬਕ ਬੀਤੇ 24 ਘੰਟਿਆਂ ਵਿਚ 142069 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਇਸ ਦੇ ਨਾਲ ਹੀ ਹੁਣ ਤਕ ਦੇਸ਼ ਵਿਚ 46,66,386 ਨਮੂਨਿਆਂ ਦੀ ਜਾਂਚ ਕੀਤੀ ਜਾ ਚੁਕੀ ਹੈ।

ਸੰਸਾਰ ਸਿਹਤ ਸੰਸਥਾ ਮੁਤਾਬਕ ਭਾਰਤ ਵਿਚ ਪ੍ਰਤੀ ਇਕ ਲੱਖ ਆਬਾਦੀ 'ਤੇ ਮੌਤਾਂ ਦੀ ਗਿਣਤੀ ਘੱਟ ਹੈ। ਭਾਰਤ ਵਿਚ ਪ੍ਰਤੀ ਇਕ ਲੱਖ ਆਬਾਦੀ 'ਤੇ ਕੋਵਿਡ-19 ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 17.32 ਹੈ ਜਦਕਿ ਸੰਸਾਰ ਔਸਤ 87.74 ਹੈ। ਤਾਲਾਬੰਦੀ ਵਿਚ ਢਿੱਲ ਦੇਣ ਵਾਲੇ ਦੇਸ਼ਾਂ ਦੇ ਮੁਕਾਬਲੇ ਵੀ ਭਾਰਤ ਵਿਚ ਆਬਾਦੀ ਦੇ ਅਨੁਪਾਤ ਵਿਚ ਪੀੜਤਾਂ ਦੀ ਗਿਣਤੀ ਘੱਟ ਹੈ। ਮਿਸਾਲ ਵਜੋਂ ਜਰਮਨੀ ਵਿਚ ਪ੍ਰਤੀ ਇਕ ਲੱਖ ਵਿਅਕਤੀ ਪੀੜਤ ਹਨ। ਇਸੇ ਤਰ੍ਹਾਂ ਇਟਲੀ, ਬ੍ਰਿਟੇਨ ਅਤੇ ਸਪੇਨ ਵਿਚ ਪ੍ਰਤੀ ਇਕ  ਲੱਖ ਆਬਾਦੀ 'ਤੇ ਕ੍ਰਮਵਾਰ 387.33, 419.54, 515.61 ਲੋਕ ਪੀੜਤ ਹਨ। ਸਨਿਚਰਵਾਰ ਸਵੇਰ ਤੋਂ ਹੁਣ ਤਕ 287 ਮੌਤਾਂ ਵਿਚੋਂ ਸੱਭ ਤੋਂ ਵੱਧ 120 ਮੌਤਾਂ ਮਹਾਰਾਸ਼ਟਰ ਵਿਚ ਹੋਈਆਂ ਹਨ। (ਏਜੰਸੀ)