ਭੂਚਾਲ ਨਾਲ ਮੁੜ ਹਿਲੀ ਧਰਤੀ, ਦਿੱਲੀ ਸਮੇਤ ਨੇੜਲੇ ਇਲਾਕਿਆਂ 'ਚ ਮਹਿਸੂਸ ਹੋਏ ਝਟਕੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੁਪਹਿਰ ਵੇਲੇ ਮਹਿਸੂਸ ਹੋਏ ਝਟਕੇ, ਜਾਨ-ਮਾਲ ਦੇ ਨੁਕਸਾਨ ਤੋਂ ਬਚਾਅ

Earthquakes

ਨਵੀਂ ਦਿੱਲੀ : ਸਾਲ 2020 ਦਾ ਵਰ੍ਹਾ ਕੁਦਰਤੀ ਕਰੋਪੀਆਂ ਦਾ ਗਵਾਹ ਬਣਦਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਕਰੋਨਾ ਵਾਇਰਸ ਦੀ ਮਾਹਮਾਰੀ ਨਾਲ ਪੂਰੀ ਲੋਕਾਈ ਦੋ-ਚਾਰ ਹੋ ਰਹੀ ਹੈ ਉਥੇ ਹੀ ਹੋਰ ਕੁਦਰਤੀ ਕਰੋਪੀਆਂ ਵੀ ਆਏ ਦਿਨ ਅਪਣਾ ਵਿਕਰਾਲ ਰੂਪ ਵਿਖਾ ਰਹੀਆਂ ਹਨ। ਪਿਛਲੇ ਦਿਨਾਂ ਦੌਰਾਨ ਸਮੁੰਦਰੀ ਤੂਫ਼ਾਨ ਦੱਖਣੀ ਭਾਰਤ ਅੰਦਰ ਤਬਾਹੀ ਮਚਾ ਚੁੱਕਾ ਹੈ। ਇਸੇ ਤਰ੍ਹਾਂ ਪਿਛਲੇ ਸਮੇਂ ਦੌਰਾਨ ਬੇਮੌਸਮੀ ਬਰਸਾਤਾਂ ਕਾਰਨ ਵੀ ਲੋਕਾਂ ਨੂੰ ਕਾਫ਼ੀ ਦਿੱਕਤਾ ਦਾ ਸਾਹਮਣਾ ਕਰਨਾ ਪਿਆ ਸੀ, ਜੋ ਅਜੇ ਵੀ ਜਾਰੀ ਹੈ।

ਇਸੇ ਦੌਰਾਨ ਪਿਛਲੇ ਸਮੇਂ ਦੌਰਾਨ ਲੱਗੇ ਭੂਚਾਲ ਦੇ ਝਟਕਿਆਂ ਨੇ ਵੀ ਲੋਕਾਂ ਦੇ ਮਨਾਂ ਅੰਦਰ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਵੇਲੇ ਦਿੱਲੀ ਸਮੇਤ ਇਸ ਦੇ ਨੇੜਲੇ ਇਲਾਕਿਆਂ ਅੰਦਰ ਭੂਚਾਲ ਦੇ ਝਟਕਿਆਂ ਦੀ ਥਰਥਰਾਹਟ ਮਹਿਸੂਸ ਕੀਤੀ ਗਈ ਹੈ।

ਭਾਵੇਂ ਰਿਕਟਰ ਸਕੇਲ ਮੁਤਾਬਕ 2.1 ਤੀਬਰਤਾ ਵਾਲੇ ਇਸ ਭੂਚਾਲ ਨਾਲ ਕਿਸੇ ਜਾਨੀ-ਮਾਲੀ ਨੁਕਸਾਨ ਦੀ ਅਜੇ ਤਕ ਕੋਈ ਖ਼ਬਰ ਨਹੀਂ ਹੈ, ਪਰ ਫਿਰ ਵੀ ਜਿਸ ਤਰ੍ਹਾਂ ਪਿਛਲੇ ਦਿਨਾਂ ਦੌਰਾਨ ਵੀ ਵਾਰ-ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ, ਉਸ ਨਾਲ ਲੋਕਾਂ 'ਚ ਚਿੰਤਾ ਪਾਈ ਜਾ ਰਹੀ ਹੈ।

ਕਾਬਲੇਗੌਰ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨ 5 ਜੂਨ ਨੂੰ ਵੀ ਝਾਰਖੰਡ ਸੂਬੇ ਦੇ ਜਮਸ਼ੇਦਪੁਰ ਵਿਖੇ ਭੂਚਾਲ ਦੀ ਝਟਕੇ ਮਹਿਸੂਸ ਕੀਤੇ ਗਏ ਸਨ। ਉਸ ਸਮੇਂ ਇਨ੍ਹਾਂ ਝਟਕਿਆਂ ਦੀ ਤੀਬਰਤਾ 4.1 ਮਾਪੀ ਪਈ ਸੀ ਅਤੇ ਕਿਸੇ ਕਿਸਮ ਦੇ ਨੁਕਸਾਨ ਤੋਂ ਬਚਾਅ ਰਿਹਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।