ਪੂਰਬੀ ਲਦਾਖ਼ ਰੇੜਕਾ : ਭਾਰਤ-ਚੀਨ ਦੀਆਂ ਫ਼ੌਜਾਂ ਸ਼ਾਂਤਮਈ ਹੱਲ ਲਈ ਸਹਿਮਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਦਸਿਆ ਕਿ ਭਾਰਤ ਅਤੇ ਚੀਨ ਦੁਵੱਲੇ ਸਮਝੌਤਿਆਂ ਅਤੇ ਦੋਹਾਂ ਦੇਸ਼ਾਂ ਦੇ ਆਗੂਆਂ ਦੁਆਰਾ ਦਿਤੇ ਜਾਣ ਵਾਲੇ

India- China

ਨਵੀਂ ਦਿੱਲੀ, 7 ਜੂਨ  : ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਦਸਿਆ ਕਿ ਭਾਰਤ ਅਤੇ ਚੀਨ ਦੁਵੱਲੇ ਸਮਝੌਤਿਆਂ ਅਤੇ ਦੋਹਾਂ ਦੇਸ਼ਾਂ ਦੇ ਆਗੂਆਂ ਦੁਆਰਾ ਦਿਤੇ ਜਾਣ ਵਾਲੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸਰਹੱਦੀ ਮਸਲੇ ਦੇ ਸ਼ਾਂਤਮਈ ਹੱਲ ਲਈ ਫ਼ੌਜੀ ਅਤੇ ਸਫ਼ਾਰਤੀ ਗੱਲਬਾਤ ਜਾਰੀ ਰੱਖਣ ਲਈ ਸਹਿਮਤ ਹੋ ਗਏ ਹਨ। ਵਿਦੇਸ਼ ਮੰਤਰਾਲੇ ਨੇ ਪੂਰਬੀ ਲਦਾਖ਼ ਰੇੜਕੇ ਬਾਰੇ ਦੋਹਾਂ ਦੇਸ਼ਾਂ ਦੀ ਉੱਚ ਪਧਰੀ ਫ਼ੌਜੀ ਗੱਲਬਾਤ ਦੇ ਨਤੀਜਿਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਇਹ ਗੱਲ ਆਖੀ। ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਦੇ ਕਮਾਂਡਰਾਂ ਨੇ ਸਨਿਚਰਵਾਰ ਨੂੰ ਉੱਚ ਹਿਮਾਚਲੀ ਖੇਤਰ ਵਿਚ ਮਹੀਨੇ ਭਰ ਤੋਂ ਚਲੇ ਆ ਰਹੇ ਰੇੜਕੇ ਨੂੰ ਸੁਲਝਾਉਣ ਦੇ ਯਤਨ ਤਹਿਤ ਪੂਰਬੀ ਲਦਾਖ਼ ਵਿਚ ਅਸਲ ਕੰਟਰੋਲ ਰੇਖਾ ਦੇ ਚੀਨ ਦੇ ਜ਼ਮੀਨੀ ਹਿੱਸੇ ਵਲ ਮਾਲਡੋ ਵਿਚ ਵਿਸਤ੍ਰਿਤ ਗੱਲਬਾਤ ਕੀਤੀ।

ਵਿਦੇਸ਼ ਮੰਤਰਾਲੇ ਨੇ ਕਿਹਾ, 'ਬੈਠਕ ਹਾਂਪੱਖੀ ਅਤੇ ਸੁਖਾਵੇਂ ਮਾਹੌਲ ਵਿਚ ਹੋਈ ਅਤੇ ਦੋਹਾਂ ਧਿਰਾਂ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟ ਕੀਤੀ ਕਿ ਉਕਤ ਮੁੱਦੇ ਦੇ ਛੇਤੀ ਹੱਲ ਨਾਲ ਦੋਹਾਂ ਦੇਸ਼ਾਂ ਦੇ ਸਬੰਧ ਹੋਰ ਮਜ਼ਬੂਤ ਹੋਣਗੇ।' ਮੰਤਰਾਲੇ ਦੇ ਬਿਆਨ ਮੁਤਾਬਕ ਦੋਵੇਂ ਧਿਰਾਂ ਵੱਖ ਵੱਖ ਦੁਵੱਲੇ ਸਮਝੌਤਿਆਂ ਅਤੇ ਆਗੂਆਂ ਵਿਚਾਲੇ ਬਣੀ ਸਹਿਮਤੀ ਨੂੰ ਧਿਆਨ ਵਿਚ ਰਖਦੇ ਸਰਹੱਦੀ ਖੇਤਰਾਂ ਵਿਚ ਹਾਲਾਤ ਨੂੰ ਸ਼ਾਂਤਮਈ ਢੰਗ ਨਾਲ ਠੀਕ ਕਰਨ ਲਈ ਰਾਜ਼ੀ ਹੋ ਗਏ। ਆਗੂਆਂ ਵਿਚਾਲੇ ਸਹਿਮਤੀ ਬਣੀ ਸੀ ਕਿ ਭਾਰਤ-ਚੀਨ ਸਰਹੱਦੀ ਖੇਤਰ ਵਿਚ ਅਮਨ ਚੈਨ ਦੁਵੱਲੇ ਸਮਬੰਧਾਂ ਦੇ ਸੰਪੂਰਨ ਵਿਕਾਸ ਲਈ ਜ਼ਰੂਰੀ ਹੈ।'

ਚੀਨ ਦੇ ਸ਼ਹਿਰ ਵੁਹਾਨ ਵਿਚ 2018 ਵਿਚ ਇਤਿਹਾਸਕ ਗ਼ੈਰਰਸਮੀ ਗੱਲਬਾਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਚਿਨਫ਼ਿੰਗ ਨੇ ਦੁਵੱਲੇ ਸਬੰਧਾਂ ਦੇ ਵਿਕਾਸ ਦੇ ਹਿੱਤ ਵਿਚ ਭਾਰਤ-ਚੀਨ ਸਰਹੱਦ ਦੇ ਸਾਰੇ ਖੇਤਰਾਂ ਵਿਚ ਅਮਨ ਚੈਨ ਕਾਇਮ ਰੱਖਣ ਦੀ ਅਹਿਮੀਅਤ 'ਤੇ ਜ਼ੋਰ ਦਿਤਾ ਸੀ। ਇਹ ਗੱਲਬਾਤ ਡੋਕਲਾਮ ਵਿਚ ਦੋਹਾਂ ਫ਼ੌਜਾਂ ਵਿਚਾਲੇ 73 ਦਿਨਾਂ ਤਕ ਚਲੇ ਰੇੜਕੇ ਮਗਰੋਂ ਹੋਈ ਸੀ।

ਇਸ ਰੇੜਕੇ ਨੇ ਦੋਹਾਂ ਏਸ਼ੀਆਈ ਮਹਾਸ਼ਕਤੀਆਂ ਵਿਚਾਲੇ ਜੰਗ ਦਾ ਖ਼ਦਸ਼ਾ ਪੈਦਾ ਕਰ ਦਿਤਾ ਸੀ। ਵਿਦੇਸ਼ ਮੰਤਰਾਲੇ ਨੇ ਸਨਿਚਰਵਾਰ ਦੀ ਫ਼ੌਜੀ ਗੱਲਬਾਤ ਦੇ ਸਬੰਧ ਵਿਚ ਕਿਹਾ, 'ਦੋਹਾਂ ਧਿਰਾਂ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਕਿ ਇਸ ਸਾਲ ਦੋਹਾਂ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਹੈ ਅਤੇ ਉਹ ਇਸ ਗੱਲ 'ਤੇ ਸਹਿਮਤ ਹੋਏ ਕਿ ਇਸ ਮਸਲੇ ਦੇ ਛੇਤੀ ਹੱਲ ਨਾਲ ਸਬੰਧਾਂ ਦਾ ਹੋਰ ਵਿਕਾਸ ਹੋਵੇਗਾ। ਭਾਰਤੀ ਵਫ਼ਦ ਦੀ ਅਗਵਾਈ ਲੇਹ ਵਿਖੇ ਤੈਨਾਤ 14ਵੀਂ ਕੋਰ ਦੇ ਜਨਰਲ ਆਫ਼ੀਸਰ ਕਮਾਂਡਿੰਗ ਜਨਰਲ ਹਰਿੰਦਰ ਸਿੰਘ ਨੇ ਕੀਤੀ ਜਦਕਿ ਚੀਨੀ ਧਿਰ ਦੀ ਅਗਵਾਈ ਕਮਾਂਡਰ ਜਨਰਲ ਲਿਊ ਲਿਨ ਨੇ ਕੀਤੀ।  (ਏਜੰਸੀ)