ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ 60 ਪੈਸੇ ਤਕ ਦਾ ਵਾਧਾ
ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਐਤਵਾਰ ਨੂੰ 83 ਦਿਨਾਂ ਮਗਰੋਂ 60 ਪੈਸੇ ਪ੍ਰਤੀ ਲਿਟਰ ਤਕ ਦਾ ਵਾਧਾ ਕੀਤਾ ਗਿਆ
ਨਵੀਂ ਦਿੱਲੀ, 7 ਜੂਨ : ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਐਤਵਾਰ ਨੂੰ 83 ਦਿਨਾਂ ਮਗਰੋਂ 60 ਪੈਸੇ ਪ੍ਰਤੀ ਲਿਟਰ ਤਕ ਦਾ ਵਾਧਾ ਕੀਤਾ ਗਿਆ ਜਿਸ ਨਾਲ ਸਰਕਾਰੀ ਤੇਲ ਕੰਪਨੀਆਂ ਨੇ ਤੇਲ ਦੀਆਂ ਕੀਮਤਾਂ ਵਿਚ ਕੀਤੀ ਜਾਣ ਵਾਲੀ ਰੋਜ਼ਾਨਾ ਤਬਦੀਲੀ ਦੇ ਅਮਲ ਨੂੰ ਮੁੜ ਸ਼ੁਰੂ ਕਰ ਦਿਤਾ ਹੈ। ਸਰਕਾਰੀ ਕੰਪਨੀਆਂ ਦੁਆਰਾ ਜਾਰੀ ਨੋਟੀਫ਼ੀਕੇਸ਼ਨ ਮਗਰੋਂ ਦਿੱਲੀ ਵਿਚ ਪਟਰੌਲ ਦੀ ਕੀਮਤ 71.26 ਰੁਪਏ ਤੋਂ ਵਧਾ ਕੇ 71.86 ਰੁਪਏ ਪ੍ਰਤੀ ਲਿਟਰ ਹੋ ਗਈ।
ਇਸ ਤਰ੍ਹਾਂ ਡੀਜ਼ਲ ਦੀ ਕੀਮਤ 69.39 ਰੁਪਏ ਤੋਂ ਵੱਧ ਕੇ 69.99 ਰੁਪਏ ਪ੍ਰਤੀ ਲਿਟਰ ਹੋ ਗਈ। ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਜਹਾਜ਼ ਤੇਲ ਅਤੇ ਘਰੇਲੂ ਰੋਸਈ ਗੈਸ ਦੀਆਂ ਕੀਮਤਾਂ ਵਿਚ ਲਗਾਤਾਰ ਬਦਲਾਅ ਕਰ ਰਹੀਆਂ ਸਨ ਪਰ 16 ਮਾਰਚ ਤੋਂ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਸਨ ਜਿਸ ਦਾ ਕਾਰਨ ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਕੱਚੇ ਤੇਲ ਦੀਆਂ ਕੀਮਤਾਂ ਦੀ ਭਾਰੀ ਉਥਲ-ਪੁਥਲ ਹੋਣਾ ਰਿਹਾ।
ਸਰਕਾਰ ਦੇ ਪਟਰੌਲ ਤੇ ਡੀਜ਼ਲ ਉਤੇ ਉਤਪਾਦ ਫ਼ੀਸ ਤਿੰਨ ਰੁਪਏ ਪ੍ਰਤੀ ਲਿਟਰ ਵਧਾਏ ਜਾਣ ਦੇ ਤੁਰਤ ਬਾਅਦ ਇਨ੍ਹਾਂ ਦੀਆਂ ਕੀਮਤਾਂ ਸਥਿਰ ਹੋ ਗਈਆਂ। ਬਾਅਦ ਵਿਚ ਛੇ ਮਈ ਨੂੰ ਸਰਕਾਰ ਦੇ ਪਟਰੌਲ 'ਤੇ 10 ਅਤੇ ਡੀਜ਼ਲ 'ਤੇ 13 ਰੁਪਏ ਪ੍ਰਤੀ ਲਿਟਰ ਉਤਪਾਦ ਫ਼ੀਸ ਹੋਰ ਵਧਾਏ ਜਾਣ ਦੇ ਬਾਵਜੂਦ ਇਸ ਦੀਆਂ ਕੀਮਤਾਂ ਸਥਿਰ ਰਹੀਆਂ। (ਏਜੰਸੀ)