ਮੁੰਬਈ ’ਚ ਹੈਵਾਨੀਅਤ ਦੀਆਂ ਹੱਦਾਂ ਪਾਰ : ਲਿਵ-ਇਨ ਪਾਰਟਨਰ ਨੇ ਅਪਣੀ ਪ੍ਰੇਮਿਕਾ ਦਾ ਕੀਤਾ ਕਤਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਦਬੂ ਆਉਣ ਮਗਰੋਂ ਲਾਸ਼ ਨੂੰ ਟੁਕੜਿਆਂ ’ਚ ਕੱਟ ਕੇ ਪ੍ਰੈਸ਼ਰ ਕੂਕਰ ’ਚ ਉਬਾਲਿਆ

photo

 

ਮੁੰਬਈ : ਕੁਝ ਹੀ ਮਹੀਨਿਆਂ ਪਹਿਲਾਂ ਸ਼ਰਧਾ ਕਤਲ ਕਾਂਡ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿਤਾ ਸੀ, ਜਿਸ 'ਚ ਲਿਵ-ਇਨ ਪਾਰਟਨਰ ਨੇ ਆਪਣੀ ਦੋਸਤ ਸ਼ਰਧਾ ਦੇ ਕਟਰ ਨਾਲ 36 ਟੁਕੜੇ ਕਰ ਦਿਤੇ ਸਨ ਅਤੇ ਉਸ ਦਾ ਕਤਲ ਕਰਨ ਤੋਂ ਬਾਅਦ ਫਰਿੱਜ 'ਚ ਰੱਖ ਦਿਤਾ ਸੀ। ਅਜਿਹਾ ਹੀ ਇੱਕ ਮਾਮਲਾ ਹੁਣ ਮੁੰਬਈ ਵਿਚ ਸਾਹਮਣੇ ਆਇਆ ਹੈ, ਜਿਸ ਵਿਚ ਲਿਵ-ਇਨ ਪਾਰਟਨਰ ਦੀ ਬੇਰਹਿਮੀ ਨਾਲ ਹੱਤਿਆ ਕਰ ਦਿਤੀ ਗਈ ਹੈ।

ਮੁੰਬਈ 'ਚ ਮਨੋਜ ਸਾਹਨੀ ਨਾਂ ਦੇ 56 ਸਾਲਾ ਵਿਅਕਤੀ ਨੇ ਆਪਣੀ ਲਿਵ-ਇਨ ਪਾਰਟਨਰ 36 ਸਾਲਾ ਸਰਸਵਤੀ ਵੈਦਿਆ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਅਤੇ ਉਸ ਦੇ 100 ਤੋਂ ਵੱਧ ਟੁਕੜੇ ਕਰ ਦਿਤੇ। ਸਰਸਵਤੀ ਦੀ ਹੱਤਿਆ ਕਰਨ ਤੋਂ ਬਾਅਦ ਮਨੋਜ ਨੇ ਲਾਸ਼ ਨੂੰ ਮਿਕਸਰ 'ਚ ਪੀਸ ਕੇ ਕੁੱਕਰ 'ਚ ਉਬਾਲ ਕੇ ਕੁੱਤਿਆਂ ਨੂੰ ਖੁਆ ਦਿਤਾ। ਪੁਲਿਸ ਨੇ ਮੁਲਜ਼ਮ ਮਨੋਜ ਸਾਹਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਤਾਜ਼ਾ ਮਾਮਲਾ ਮੁੰਬਈ ਦੇ ਮੀਰਾ ਰੋਡ 'ਤੇ ਨਯਾ ਨਗਰ ਥਾਣਾ ਖੇਤਰ ਦੀ ਗੀਤਾ-ਆਕਾਸ਼ਦੀਪ ਸੁਸਾਇਟੀ ਦਾ ਹੈ। ਮਨੋਜ ਸਾਹਨੀ (56) ਪਿਛਲੇ ਕੁਝ ਸਮੇਂ ਤੋਂ ਇੱਥੇ ਸੁਸਾਇਟੀ ਦੀ 7ਵੀਂ ਮੰਜ਼ਿਲ 'ਤੇ ਆਪਣੀ ਲਿਵ-ਇਨ ਪਾਰਟਨਰ 36 ਸਾਲਾ ਸਰਸਵਤੀ ਵੈਦਿਆ ਨਾਲ ਰਹਿ ਰਿਹਾ ਸੀ। ਕੁਝ ਸਮੇਂ ਤੋਂ ਦੋਵਾਂ ਵਿਚਾਲੇ ਆਪਸੀ ਮਤਭੇਦ ਵਧਦਾ ਜਾ ਰਿਹਾ ਸੀ। ਸੁਸਾਇਟੀ ਵਿਚ ਰਹਿਣ ਵਾਲੇ ਲੋਕਾਂ ਨੇ ਦਸਿਆ ਕਿ ਮਨੋਜ ਸਾਹਨੀ ਦੇ ਅਪਾਰਟਮੈਂਟ ਵਿਚੋਂ ਕੁਝ ਦਿਨਾਂ ਤੋਂ ਬਦਬੂ ਆ ਰਹੀ ਸੀ। ਬਦਬੂ ਤੋਂ ਪਰੇਸ਼ਾਨ ਹੋ ਕੇ ਗੁਆਂਢੀਆਂ ਨੇ ਪੁਲਿਸ ਨੂੰ ਸੂਚਨਾ ਦਿਤੀ।

ਪੁਲਿਸ ਜਦੋਂ ਮਨੋਜ ਦੇ ਫਲੈਟ 'ਤੇ ਪਹੁੰਚੀ ਤਾਂ ਗੇਟ ਖੁੱਲ੍ਹਦੇ ਹੀ ਤੇਜ਼ ਬਦਬੂ ਤੋਂ ਹਰ ਕੋਈ ਪ੍ਰੇਸ਼ਾਨ ਸੀ। ਜਾਂਚ 'ਤੇ ਸਰਸਵਤੀ ਦੀ ਲਾਸ਼ ਘਰ 'ਚ 100 ਟੁਕੜਿਆਂ 'ਚ ਮਿਲੀ। ਉਥੇ ਦਾ ਦ੍ਰਿਸ਼ ਦੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ। ਪੁਲਿਸ ਨੇ ਤੁਰੰਤ ਮਨੋਜ ਸਾਹਨੀ ਨੂੰ ਗ੍ਰਿਫ਼ਤਾਰ ਕਰ ਲਿਆ। ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਉਸ ਨੇ ਆਪਣੀ ਲਿਵ-ਇਨ ਪਾਰਟਨਰ ਸਰਸਵਤੀ ਦੀ ਹੱਤਿਆ ਦਾ ਜ਼ੁਰਮ ਵੀ ਕਬੂਲ ਕਰ ਲਿਆ।

ਮਨੋਜ ਨੇ ਪੁਲਿਸ ਨੂੰ ਦਸਿਆ ਕਿ ਸਰਸਵਤੀ ਨਾਲ ਝਗੜੇ ਤੋਂ ਬਾਅਦ ਉਸ ਨੇ ਉਸ ਦਾ ਕਤਲ ਕਰ ਦਿਤਾ ਸੀ ਅਤੇ ਬਾਜ਼ਾਰ ਤੋਂ ਕਟਰ ਲਿਆ ਕੇ ਲਾਸ਼ ਦੇ ਕਈ ਟੁਕੜੇ ਕਰ ਦਿਤੇ ਸਨ। ਲਾਸ਼ ਨੂੰ ਮਿਕਸਰ 'ਚ ਪੀਸ ਕੇ ਕੂਕਰ 'ਚ ਉਬਾਲ ਲਿਆ ਜਾਂਦਾ ਸੀ ਤਾਂ ਜੋ ਇਸ 'ਚੋਂ ਬਦਬੂ ਨਾ ਆਵੇ। ਪੁਲਿਸ ਮੁਤਾਬਕ ਔਰਤ ਦੀ ਲੱਤ ਦਾ ਸਿਰਫ ਕੁਝ ਹਿੱਸਾ ਹੀ ਬਰਾਮਦ ਹੋਇਆ ਹੈ। ਬਾਕੀ ਟੁਕੜਿਆਂ ਵਿਚ ਕੱਟਿਆ ਗਿਆ ਸੀ। ਦੋਸ਼ੀ ਨੇ ਦਸਿਆ ਕਿ ਉਸ ਨੇ ਸਰੀਰ ਦਾ ਕੁਝ ਹਿੱਸਾ ਕੁੱਤਿਆਂ ਨੂੰ ਖੁਆ ਦਿਤਾ।

ਪੁਲਿਸ ਮੁਤਾਬਕ ਅਜਿਹਾ ਲਗਦਾ ਹੈ ਕਿ ਮਨੋਜ ਨੇ 3-4 ਦਿਨ ਪਹਿਲਾਂ ਸਰਸਵਤੀ ਦਾ ਕਤਲ ਕੀਤਾ ਸੀ। ਫਿਲਹਾਲ ਲਾਸ਼ ਦੇ ਟੁਕੜੇ ਇਕੱਠੇ ਕਰ ਕੇ ਪੋਸਟਮਾਰਟਮ ਲਈ ਭੇਜ ਦਿਤੇ ਗਏ ਹਨ। ਫਲੈਟ ਨੂੰ ਸੀਲ ਕਰ ਦਿਤਾ ਗਿਆ ਹੈ। ਮੁੰਬਈ ਪੁਲਿਸ ਮੁਤਾਬਕ ਮਨੋਜ ਸਾਹਨੀ ਮੁੰਬਈ ਦੇ ਬੋਰੀਵਲੀ ਇਲਾਕੇ 'ਚ ਦੁਕਾਨ ਚਲਾਉਂਦਾ ਹੈ। ਇਸ ਦੇ ਨਾਲ ਹੀ ਸਰਸਵਤੀ ਵੈਦਿਆ ਦੇ ਪਰਿਵਾਰ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।