ਰਾਜਸਥਾਨ : ਮਾਂ-ਪਿਓ ਦੇ ਝਗੜੇ ਨੇ ਲਈ ਮਾਸੂਮ ਦੀ ਜਾਨ, ਪਿਓ ਨੇ ਗੁੱਸੇ ’ਚ ਆ ਕੇ 3 ਸਾਲਾ ਪੁੱਤ ਨੂੰ ਕੁਹਾੜੀ ਨਾਲ ਵੱਢਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕੇਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ

photo

 

ਰਾਜਸਥਾਨ : ਪਤਨੀ ਨਾਲ ਝਗੜੇ ਤੋਂ ਬਾਅਦ ਪਿਤਾ ਨੇ ਆਪਣੇ 3 ਸਾਲਾ ਪੁੱਤਰ ਦਾ ਕੁਹਾੜੀ ਨਾਲ ਵਾਰ ਕਰਕੇ ਕਤਲ ਕਰ ਦਿਤਾ। ਜਦੋਂ ਮਾਂ ਨੇ ਆਪਣੇ ਮਾਸੂਮ ਪੁੱਤਰ ਨੂੰ ਖੂਨ ਨਾਲ ਲਥਪਥ ਦੇਖਿਆ ਤਾਂ ਉਹ ਚੀਕ ਪਈ। ਇਸ 'ਤੇ ਗੁਆਂਢ 'ਚ ਰਹਿਣ ਵਾਲਾ ਦਿਓਰ ਦੌੜ ਕੇ ਆਇਆ ਅਤੇ ਭਤੀਜੇ ਨੂੰ ਹਸਪਤਾਲ ਲੈ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਮਾਮਲਾ ਚੁਰੂ ਜ਼ਿਲ੍ਹੇ ਦੇ ਰਾਜਲਦੇਸਰ ਦਾ ਹੈ।

ਥਾਣਾ ਸਦਰ ਰਤਨ ਲਾਲ ਨੇ ਦਸਿਆ ਕਿ ਕਿਸ਼ੋਰ ਕੁਮਾਰ ਪੁੱਤਰ ਸੁਗਨਾਰਾਮ ਜਾਟ ਵਾਸੀ ਪ੍ਰੇਮ ਨਗਰ ਨੇ ਰਿਪੋਰਟ ਦਰਜ ਕਰਵਾਈ ਹੈ। ਉਨ੍ਹਾਂ ਨੇ ਦਸਿਆ ਕਿ ਉਸ ਦਾ ਵੱਡਾ ਭਰਾ ਪ੍ਰਹਿਲਾਦ (25) ਆਪਣੇ ਪਰਿਵਾਰ ਨਾਲ ਅਲੱਗ ਮਕਾਨ ਵਿਚ ਰਹਿੰਦਾ ਹੈ। ਬਾਕੀ ਭਰਾ ਇਕੱਠੇ ਰਹਿੰਦੇ ਹਨ। ਪ੍ਰਹਿਲਾਦ ਦੇ ਦੋ ਪੁੱਤਰ ਲੋਕੇਸ਼ (3) ਅਤੇ ਭਰਤ (1) ਸਨ। ਮੰਗਲਵਾਰ ਨੂੰ ਕਿਸੇ ਕੰਮ ਤੋਂ ਪ੍ਰਹਿਲਾਦ ਘਰ ਦੇ ਬਾਹਰ ਗਿਆ ਸੀ। ਬੁੱਧਵਾਰ ਸਵੇਰੇ 7 ਵਜੇ ਪਰਤਿਆ। ਘਰ ਆਉਣ ’ਤੇ ਉਸਦੀ ਪਤਨੀ ਰਜਨੀ ਨੇ ਕਿਹਾ ਕਿ ਤੁਸੀਂ ਥੋੜੀ ਵੀ ਧਿਆਨ ਨਹੀਂ ਰੱਖਦੇ ਕਿ ਘਰ ਵਿਚ ਬੱਚੇ ਇਕੱਲੇ ਹਨ। ਤੁਸੀਂ ਸਾਰੀ ਰਾਤ ਘਰੋਂ ਬਾਹਰ ਕਿਉਂ ਰਹਿੰਦੇ ਹੋ? ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਹੋ ਗਈ।

ਕਿਸ਼ੋਰ ਨੇ ਦਸਿਆ ਕਿ ਝਗੜੇ ਤੋਂ ਬਾਅਦ ਪ੍ਰਹਿਲਾਦ ਨੇ ਗੁੱਸੇ 'ਚ ਆ ਕੇ ਘਰ 'ਚ ਰੱਖੀ ਕੁਹਾੜੀ ਚੁੱਕ ਲਈ ਅਤੇ ਉਸ ਦੇ 3 ਸਾਲਾ ਪੁੱਤਰ ਲੋਕੇਸ਼ ਦੀ ਗਰਦਨ 'ਤੇ ਵਾਰ ਕਰ ਦਿਤਾ। ਲੋਕੇਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਉਸ ਦੀ ਭਰਜਾਈ ਨੇ ਉੱਚੀ-ਉੱਚੀ ਰੌਲਾ ਪਾਇਆ ਤਾਂ ਉਹ ਭੱਜ ਕੇ ਦੂਜੇ ਭਰਾ ਦੇ ਘਰ ਗਈ। ਲੋਕੇਸ਼ ਖੂਨ ਨਾਲ ਲੱਥਪੱਥ ਪਿਆ ਸੀ। ਪ੍ਰਹਿਲਾਦ ਦੇ ਹੱਥ ਵਿਚ ਕੁਹਾੜਾ ਸੀ। ਲੋਕੇਸ਼ ਨੂੰ ਚੁੱਕ ਕੇ ਰਤਨਗੜ੍ਹ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਐਸਪੀ ਰਾਜੇਸ਼ ਕੁਮਾਰ ਮੀਨਾ ਨੇ ਦਸਿਆ ਕਿ ਪਿਤਾ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।