ਕਾਂਗਰਸ ਨੇ ਸਰਕਾਰ ਨੂੰ ਇੰਦਰਾ ਗਾਂਧੀ ਦੇ ਕਤਲ ਦੀ ਝਾਂਕੀ ਦੇ ਮਾਮਲੇ ਨੂੰ ਕੈਨੇਡਾ ਕੋਲ ਉਠਾਉਣ ਦੀ ਕੀਤੀ ਅਪੀਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਸ ਨੂੰ ਘਿਨਾਉਣੀ ਘਟਨਾ ਕਰਾਰ ਦਿੱਤਾ ਹੈ। 

File Photo

ਨਵੀਂ ਦਿੱਲੀ - ਕਾਂਗਰਸ ਨੇ ਵੀਰਵਾਰ ਨੂੰ ਕੈਨੇਡਾ ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਨੂੰ ਦਰਸਾਉਂਦੀ ਹੋਈ ਕੱਢੀ ਗਈ ਝਾਕੀ ਦੀ ਨਿੰਦਾ ਕੀਤੀ ਹੈ ਅਤੇ ਸਰਕਾਰ ਨੂੰ ਇਸ ਮੁੱਦੇ ਨੂੰ ਕੈਨੇਡਾ ਕੋਲ ਜ਼ੋਰਦਾਰ ਢੰਗ ਨਾਲ ਉਠਾਉਣ ਦੀ ਅਪੀਲ ਕੀਤੀ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਸ ਨੂੰ ਘਿਨਾਉਣੀ ਘਟਨਾ ਕਰਾਰ ਦਿੱਤਾ ਹੈ। 

ਕੁਝ ਮੀਡੀਆ ਰਿਪੋਰਟਾਂ ਅਨੁਸਾਰ ਕੈਨੇਡਾ ਦੇ ਬਰੈਂਪਟਨ ਵਿਚ ਖਾਲਿਸਤਾਨੀ ਸਮਰਥਕਾਂ ਨੇ ਹਾਲ ਹੀ ਵਿਚ ਇੰਦਰਾ ਗਾਂਧੀ ਦੀ ਹੱਤਿਆ ਨੂੰ ਦਰਸਾਉਂਦੀ ਝਾਕੀ ਕੱਢੀ ਸੀ। ਇਸ ਘਟਨਾ ਬਾਰੇ ਪੁੱਛੇ ਜਾਣ 'ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਵੱਖਵਾਦੀਆਂ ਅਤੇ ਹਿੰਸਾ ਦੇ ਸਮਰਥਕਾਂ ਨੂੰ ਥਾਂ ਦੇਣਾ ਦੋਵਾਂ ਦੇਸ਼ਾਂ ਦੇ ਸਬੰਧਾਂ ਅਤੇ ਕੈਨੇਡਾ ਲਈ ਵੀ ਚੰਗਾ ਨਹੀਂ ਹੈ।

ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ “ਮੇਰੇ ਖਿਆਲ ਵਿਚ ਇਹ ਇੱਕ ਵਿਆਪਕ ਮੁੱਦਾ ਹੈ ਕਿ ਵੱਖਵਾਦੀਆਂ, ਕੱਟੜਪੰਥੀਆਂ ਅਤੇ ਹਿੰਸਾ ਦੀ ਵਕਾਲਤ ਕਰਨ ਵਾਲਿਆਂ ਨੂੰ ਜਗ੍ਹਾ ਦਿੱਤੀ ਗਈ ਹੈ। ਇਹ ਆਪਸੀ ਸਬੰਧਾਂ ਅਤੇ ਕੈਨੇਡਾ ਲਈ ਚੰਗਾ ਨਹੀਂ ਹੈ। ਭਾਰਤ ਵਿਚ ਕੈਨੇਡੀਅਨ ਹਾਈ ਕਮਿਸ਼ਨਰ ਕੈਮਰਨ ਮੈਕੇ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।

ਉਹਨਾਂ ਨੇ ਟਵੀਟ ਕੀਤਾ ਕਿ “ਕੈਨੇਡਾ ਵਿਚ ਨਫ਼ਰਤ ਅਤੇ ਹਿੰਸਾ ਦੀ ਵਡਿਆਈ ਲਈ ਕੋਈ ਥਾਂ ਨਹੀਂ ਹੈ। ਮੈਂ ਸਪੱਸ਼ਟ ਤੌਰ 'ਤੇ ਅਜਿਹੀਆਂ ਗਤੀਵਿਧੀਆਂ ਦੀ ਨਿੰਦਾ ਕਰਦਾ ਹਾਂ।'' ਝਾਂਕੀ ਨਾਲ ਜੁੜੀ ਵੀਡੀਓ ਨੂੰ ਸਾਂਝਾ ਕਰਦੇ ਹੋਏ ਕਾਂਗਰਸ ਨੇਤਾ ਮਿਲਿੰਦ ਦਿਓੜਾ ਨੇ ਟਵੀਟ ਕੀਤਾ ਤੇ ਲਿਖਿਆ ਕਿ ''ਇਕ ਭਾਰਤੀ ਹੋਣ ਦੇ ਨਾਤੇ ਮੈਨੂੰ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਕੈਨੇਡਾ ਦੇ ਬਰੈਂਪਟਨ 'ਚ ਪੰਜ ਕਿਲੋਮੀਟਰ ਲੰਬੀ ਪਰੇਡ ਹੋਈ ਜਿਸ ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਨੂੰ ਦਰਸਾਇਆ ਗਿਆ ਸੀ। ਇਹ ਪੱਖ ਲੈਣ ਬਾਰੇ ਨਹੀਂ ਹੈ, ਸਗੋਂ ਰਾਸ਼ਟਰ ਦੇ ਇਤਿਹਾਸ ਅਤੇ ਸਾਬਕਾ ਪ੍ਰਧਾਨ ਮੰਤਰੀ ਦੀ ਹੱਤਿਆ ਕਾਰਨ ਪੈਦਾ ਹੋਏ ਦਰਦ ਅਤੇ ਸੰਵੇਦਨਸ਼ੀਲਤਾ ਬਾਰੇ ਹੈ।"

ਉਹਨਾਂ ਨੇ ਕਿਹਾ ਕਿ ਅਤਿਵਾਦ ਦੀ ਸਰਵ ਵਿਆਪਕ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਦਾ ਮਿਲ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਦੇਵੜਾ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਰਮੇਸ਼ ਨੇ ਕਿਹਾ, "ਮੈਂ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ। ਇਹ ਘਿਣਾਉਣੀ ਘਟਨਾ ਹੈ। ਡਾ ਜੈਸ਼ੰਕਰ (ਵਿਦੇਸ਼ ਮੰਤਰੀ) ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਮੁੱਦੇ ਨੂੰ ਕੈਨੇਡਾ ਕੋਲ ਜ਼ੋਰਦਾਰ ਢੰਗ ਨਾਲ ਉਠਾਉਣ।" 

ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਦੇਵੜਾ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਕਿਹਾ, ''ਮਿਲਿੰਦ ਦੇਵੜਾ, ਤੁਸੀਂ ਬਿਲਕੁਲ ਸਹੀ ਹੋ। ਪਾਰਟੀ ਭਾਵਨਾਵਾਂ ਤੋਂ ਉੱਪਰ ਉੱਠ ਕੇ ਇਸ ਘਿਨਾਉਣੇ ਕਾਰੇ ਦੀ ਨਿੰਦਾ ਕਰਨ ਵਿਚ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ। ਦੱਸਣਯੋਗ ਹੈ ਕਿ 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਅੰਗ ਰੱਖਿਅਕਾਂ ਵੱਲੋਂ ਹੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।