17ਵੀਂ ਲੋਕ ਸਭਾ ਦੇ ਭੰਗ ਹੋਣ ਨਾਲ ਬੀਤੇ ਦੀ ਗੱਲ ਹੋਇਆ ਕੁੜੀਆਂ ਦੇ ਵਿਆਹ ਦੀ ਉਮਰ ਵਧਾਉਣ ਵਾਲਾ ਬਿਲ
ਇਸ ਬਿਲ ਦਾ ਉਦੇਸ਼ ਬਾਲ ਵਿਆਹ ਰੋਕੂ ਐਕਟ, 2006 ’ਚ ਸੋਧ ਕਰ ਕੇ ਕੁੜੀਆਂ ਲਈ ਵਿਆਹ ਦੀ ਘੱਟੋ-ਘੱਟ ਉਮਰ ਵਧਾ ਕੇ 21 ਸਾਲ ਕਰਨਾ ਹੈ
ਨਵੀਂ ਦਿੱਲੀ: 17ਵੀਂ ਲੋਕ ਸਭਾ ਭੰਗ ਹੋਣ ਦੇ ਨਾਲ ਹੀ ਮੁੰਡੇ-ਕੁੜੀਆਂ ਲਈ ਵਿਆਹ ਦੀ ਉਮਰ ’ਚ ਬਰਾਬਰੀ ਲਿਆਉਣ ਲਈ ਸਦਨ ’ਚ ਪੇਸ਼ ਕੀਤਾ ਗਿਆ ਬਿਲ ‘ਲੈਪਸ’ ਹੋ ਗਿਆ ਹੈ।
ਬਾਲ ਵਿਆਹ ਰੋਕੂ (ਸੋਧ) ਬਿਲ, 2021 ਦਸੰਬਰ 2021 ’ਚ ਲੋਕ ਸਭਾ ’ਚ ਪੇਸ਼ ਕੀਤਾ ਗਿਆ ਸੀ ਅਤੇ ਇਸ ਨੂੰ ਸਿੱਖਿਆ, ਔਰਤਾਂ, ਬੱਚਿਆਂ, ਨੌਜੁਆਨਾਂ ਅਤੇ ਖੇਡਾਂ ਬਾਰੇ ਸਥਾਈ ਕਮੇਟੀ ਨੂੰ ਭੇਜਿਆ ਗਿਆ ਸੀ। ਸਥਾਈ ਕਮੇਟੀ ਨੂੰ ਕਈ ਵਾਰ ਵਿਸਤਾਰ ਦਿਤਾ ਗਿਆ ਸੀ।
ਕਾਨੂੰਨ ਅਤੇ ਸੰਵਿਧਾਨ ਦੀ ਵਿਵਸਥਾ ਦਾ ਹਵਾਲਾ ਦਿੰਦੇ ਹੋਏ ਲੋਕ ਸਭਾ ਦੇ ਸਾਬਕਾ ਸਕੱਤਰ ਜਨਰਲ ਅਤੇ ਸੰਵਿਧਾਨ ਮਾਹਰ ਪੀ.ਡੀ.ਟੀ. ਅਚਾਰੀਆ ਨੇ ਕਿਹਾ ਕਿ ‘17ਵੀਂ ਲੋਕ ਸਭਾ ਭੰਗ ਹੋਣ ਨਾਲ ਇਹ ਬਿਲ ਲੈਪਸ ਹੋ ਗਿਆ ਹੈ।’
ਇਸ ਬਿਲ ਦਾ ਉਦੇਸ਼ ਬਾਲ ਵਿਆਹ ਰੋਕੂ ਐਕਟ, 2006 ’ਚ ਸੋਧ ਕਰ ਕੇ ਕੁੜੀਆਂ ਲਈ ਵਿਆਹ ਦੀ ਘੱਟੋ-ਘੱਟ ਉਮਰ ਵਧਾ ਕੇ 21 ਸਾਲ ਕਰਨਾ ਹੈ। ਇਸ ਤੋਂ ਇਲਾਵਾ, ਇਹ ਬਿਲ ਕਾਨੂੰਨ ਬਣਨ ਤੋਂ ਬਾਅਦ ਕਿਸੇ ਵੀ ਹੋਰ ਕਾਨੂੰਨ ਅਤੇ ਅਭਿਆਸ ਦੀ ਥਾਂ ਲੈ ਲੈਂਦਾ।
2006 ਦੇ ਐਕਟ ਦੇ ਤਹਿਤ, ਘੱਟੋ-ਘੱਟ ਉਮਰ ਤੋਂ ਪਹਿਲਾਂ ਵਿਆਹਿਆ ਵਿਅਕਤੀ ਬਾਲਗ ਹੋਣ ਦੇ ਦੋ ਸਾਲਾਂ ਦੇ ਅੰਦਰ (ਭਾਵ 20 ਸਾਲ ਦੀ ਉਮਰ ਪ੍ਰਾਪਤ ਕਰਨ ਤੋਂ ਪਹਿਲਾਂ) ਵਿਆਹ ਰੱਦ ਕਰਨ ਲਈ ਅਰਜ਼ੀ ਦੇ ਸਕਦਾ ਹੈ। ਬਿਲ ਨੇ ਇਸ ਉਮਰ ਨੂੰ ਵਧਾ ਕੇ ਪੰਜ ਸਾਲ (ਭਾਵ 23 ਸਾਲ ਦੀ ਉਮਰ ਤਕ) ਕਰ ਦਿਤਾ ਹੁੰਦਾ। 18 ਵੀਂ ਲੋਕ ਸਭਾ ਲਈ ਮੈਂਬਰਾਂ ਦੇ ਚੁਣੇ ਜਾਣ ਤੋਂ ਬਾਅਦ 17 ਵੀਂ ਲੋਕ ਸਭਾ ਭੰਗ ਕਰ ਦਿਤੀ ਗਈ ਸੀ।