ਸੀ.ਸੀ.ਆਰ.ਟੀ. ਵਲੋਂ ਪੰਜਾਬ ਦੇ ਰਵਾਇਤੀ ਲੋਕ ਵਿਰਸੇ 'ਤੇ ਅਧਾਰਤ ਵਰਕਸ਼ਾਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀ.ਸੀ.ਆਰ.ਟੀ. ਵਲੋਂ ਗੌਰਮਿੰਟ ਸੀਨੀਅਰ ਸੈਕੰਡਰੀ ਸਰੋਵਦਿਆ ਬਾਲ ਵਿਦਿਆਲਾ, ਪਹਾੜ ਗੰਜ ਦਿੱਲੀ ਵਿਖੇ ਪੰਜਾਬ, ਪੰਜਾਬ ਦੇ ਰਵਾਇਤੀ ਲੋਕ ਵਿਰਸੇ ਤੇ ਅਧਾਰਤ....

Coach Rajinder Tonk With Others

ਨਵੀਂ ਦਿੱਲੀ, ਸੀ.ਸੀ.ਆਰ.ਟੀ. ਵਲੋਂ ਗੌਰਮਿੰਟ ਸੀਨੀਅਰ ਸੈਕੰਡਰੀ ਸਰੋਵਦਿਆ ਬਾਲ ਵਿਦਿਆਲਾ, ਪਹਾੜ ਗੰਜ ਦਿੱਲੀ ਵਿਖੇ ਪੰਜਾਬ, ਪੰਜਾਬ ਦੇ ਰਵਾਇਤੀ ਲੋਕ ਵਿਰਸੇ ਤੇ ਅਧਾਰਤ ਵਰਕਸ਼ਾਪ ਦਾ ਆਯੋਜਨ ਬੀਤੇ ਦਿਨੀਂ ਕੀਤਾ ਗਿਆ। ਜਿਸ ਵਿਚ ਵਿਦਿਆਰਥੀਆਂ ਨੂੰ ਪੰਜਾਬ ਦੇ ਪਰੰਪਰਾਗਤ ਲੋਕ ਵਿਰਸੇ ਤੋਂ ਜਾਣੂ ਕਰਵਾਇਆ ਗਿਆ। ਇਸ ਵਰਕਸ਼ਾਪ ਵਿਚ ਲਗਭਗ 200 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।

ਵਿਦਿਆਰਥੀਆਂ ਨੂੰ ਪੰਜਾਬ ਦੇ ਰਵਾਇਤੀ ਲੋਕ ਵਿਰਸੇ ਦੇ ਵੱਖ-ਵੱਖ ਪਹਿਲੂਆਂ ਦੀ ਜਾਣਕਾਰੀ ਦਿੱਤੀ। ਜਿਨ੍ਹਾਂ ਵਿਚ ਲੋਕ ਨਾਚ, ਲੋਕ ਗੀਤ, ਲੋਕ ਸਾਜ, ਲੋਕ ਕਲਾਵਾਂ, ਲੋਕ ਧੰਦੇ, ਲੋਕ ਪਹਿਰਾਵਾ, ਲੋਕ ਖੁਰਾਕਾਂ, ਸਿੱਠਣੀਆਂ, ਸੁਹਾਗ, ਘੋੜੀਆਂ ਆਦਿ ਦੀ ਭਰਪੂਰ ਜਾਣਕਾਰੀ ਦਿੱਤੀ ਗਈ।ਲੋਕ ਨਾਚਾਂ ਦੀਆਂ ਮੁੱਢਲੀਆਂ ਚਾਲਾਂ ਨੂੰ ਢੋਲ ਦੀ ਥਾਪ ਨਾਲ ਕਰਕੇ ਵਿਖਾਇਆ ਗਿਆ। 

ਅੰਤਰਰਾਸ਼ਟਰੀ ਪੱਧਰ ਦੇ ਕੋਚ ਰਾਜਿੰਦਰ ਟਾਂਕ ਅਲਗੋਜਿਆਂ ਤੇ ਲੋਕ ਜਿੰਦਵਾ, ਜੁਗਨੀ, ਰੱਤੀ, ਮਿਰਜਾ ਆਦਿ ਦੀਆਂ ਤਰਜਾਂ ਨੂੰ ਵਿਦਿਆਰਥੀਆਂ ਨੂੰ ਸੁਣਾਇਆ।ਦੀਪਕ ਨੇ ਲੋਕ ਬੋਲੀਆਂ, ਲੋਕ ਗੀਤ, ਲੋਕ ਗਾਥਾਵਾਂ ਨੂੰ ਢੋਲ, ਬੁਗਦੂ ਅਤੇ ਅਲਗੋਜਿਆਂ ਦੇ ਨਾਲ ਗਾ ਕੇ ਸੁਣਾਇਆ ਅਤੇ ਵਿਦਿਆਰਥੀਆਂ ਨੂੰ ਝੂੰਮਣ ਲਾ ਦਿੱਤਾ। ਢੋਲ ਵਾਦਕ ਅਮਿਤ ਨੇ ਢੋਲ ਵਜਾ ਕੇ ਵਿਦਿਆਰਥੀਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। 

ਜਗਜੀਤ ਨੇ ਭੰਗੜੇ ਦੀਆਂ ਮੁੱਢਲੀਆਂ ਚਾਲਾਂ ਨੂੰ ਕਰਕੇ ਦਿਖਾਇਆ। ਲੋਕ ਨਾਚਾਂ ਦੇ ਕੋਚ ਰਾਜਿੰਦਰ ਟਾਂਕ ਨੇ ਵਿਦਿਆਰਥੀਆਂ ਨੂੰ ਲੋਕ ਨਾਚ ਦੀਆਂ ਮੁੱਢਲੀਆਂ ਚਾਲਾਂ ਸਿਖਾਈਆਂ ਅਤੇ ਬੱਚਿਆਂ ਨੇ ਇਨ੍ਹਾਂ ਲੋਕ ਨਾਚਾਂ ਦੀਆਂ ਚਾਲਾਂ ਨੂੰ ਕਰਕੇ ਦਿਖਾਇਆ। ਅੰਤ ਵਿਚ ਸਕੂਲ ਦੇ ਪ੍ਰਿੰਸੀਪਲ ਐਸ.ਕੇ. ਸ੍ਰੀ ਵਾਸਤਵ ਨੇ ਸੀ.ਸੀ.ਆਰ.ਟੀ ਦੇ ਅਧਿਕਾਰੀ ਭਰਤ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਵੇਗਾ।