ਹੀਰੋ ਮੋਟੋਕਾਰਪ ਦੇ ਸੀ.ਐਮ.ਡੀ. ਲੈਂਦੇ ਹਨ ਦੇਸ਼ 'ਚ ਸੱਭ ਤੋਂ ਜ਼ਿਆਦਾ ਤਨਖ਼ਾਹ
ਦੇਸ਼ ਦੀਆਂ ਵੱਡੀਆਂ ਕੰਪਨੀਆਂ ਦੀ ਆਮਦਨ ਬੇਸ਼ਕ ਜ਼ਿਆਦਾ ਨਹੀਂ ਵਧ ਰਹੀ ਹੈ ਪਰ ਇਨ੍ਹਾਂ 'ਚ ਉਚ ਅਹੁਦਿਆਂ 'ਤੇ ਕੰਮ ਕਰਨ ਵਾਲੇ ਲੋਕਾਂ ਦੀ ਤਨਖ਼ਾਹ 'ਚ ਚੰਗਾ ਵਾਧਾ ਹੋ ਰਿਹਾ ਹੈ...
ਨਵੀਂ ਦਿੱਲੀ : ਦੇਸ਼ ਦੀਆਂ ਵੱਡੀਆਂ ਕੰਪਨੀਆਂ ਦੀ ਆਮਦਨ ਬੇਸ਼ਕ ਜ਼ਿਆਦਾ ਨਹੀਂ ਵਧ ਰਹੀ ਹੈ ਪਰ ਇਨ੍ਹਾਂ 'ਚ ਉਚ ਅਹੁਦਿਆਂ 'ਤੇ ਕੰਮ ਕਰਨ ਵਾਲੇ ਲੋਕਾਂ ਦੀ ਤਨਖ਼ਾਹ 'ਚ ਚੰਗਾ ਵਾਧਾ ਹੋ ਰਿਹਾ ਹੈ। ਅਜੇ ਤਕ ਨਿਫ਼ਟੀ 50 ਦੀਆਂ ਜਿਨ੍ਹਾਂ ਕੰਪਨੀਆਂ ਨੇ ਰੀਪੋਰਟ ਜਾਰੀ ਕੀਤੀ ਹੈ, ਉਨ੍ਹਾਂ ਮੁਤਾਬਕ ਮੈਨੇਜਮੈਂਟ 'ਚ ਕੰਮ ਕਰਨ ਵਾਲਿਆਂ ਦੀ ਤਨਖ਼ਾਹ 31.02 ਫ਼ੀ ਸਦੀ ਵਧੀ ਹੈ। ਪਿਛਲੇ ਸਾਲ ਇਨ੍ਹਾਂ ਦੀ ਔਸਤ ਤਨਖ਼ਾਹ 13.51 ਕਰੋੜ ਸੀ। ਇਸ ਸਾਲ ਬਜਾਜ ਆਟੋ 'ਚ ਹੁਣ ਤਕ ਸੱਭ ਤੋਂ ਜ਼ਿਆਦਾ ਔਸਤਨ ਤਨਖ਼ਾਹ 41.3 ਫ਼ੀ ਸਦੀ ਵਧੀ। ਦੂਜੇ ਪਾਸੇ ਟੀ.ਸੀ.ਐਸ. ਨੇ ਸੱਭ ਤੋਂ ਘੱਟ 0.57 ਫ਼ੀ ਸਦੀ ਦਾ ਇਜ਼ਾਫ਼ਾ ਕੀਤਾ।
ਵਿਸ਼ਵ 'ਚ ਔਸਤਨ ਸੀ.ਈ.ਓ. ਨੂੰ 24.38 ਕਰੋੜ ਰੁਪਏ ਦੀ ਤਨਖ਼ਾਹ ਮਿਲਦੀ ਹੈ। ਉਥੇ ਹੀ ਭਾਰਤ ਦੇ ਇਕ ਸੀ.ਈ.ਓ. ਦੀ ਔਸਤਨ ਤਨਖ਼ਾਹ 1.02 ਕਰੋੜ ਰੁਪਏ ਹੈ। ਇਸ ਸਾਲ ਹੀਰੋ ਮੋਟੋਕਾਰਪ ਦੇ ਸੀ.ਐਮ.ਡੀ. ਪਵਨ ਮੁੰਜਾਲ ਦੀ ਤਨਖ਼ਾਹ 26.46 ਫ਼ੀ ਸਦੀ ਵਧੀ। ਉਨ੍ਹਾਂ ਨੂੰ ਵਿੱਤੀ ਸਾਲ 2018 'ਚ 75.44 ਕਰੋੜ ਰੁਪਏ ਮਿਲੇ। ਉਨ੍ਹਾਂ ਦੀ ਤਨਖ਼ਾਹ 'ਚ 15.78 ਕਰੋੜ ਰੁਪਏ ਦਾ ਵਾਧਾ ਹੋਇਆ। ਮੁਕੇਸ਼ ਅੰਬਾਨੀ ਨੇ ਅਪਣੀ ਤਨਖ਼ਾਹ ਨੂੰ 15 ਕਰੋੜ 'ਤੇ ਸਥਿਰ ਰੱਖਿਆ ਹੈ।
ਉਹ ਪਿਛਲੇ ਕਈ ਸਾਲਾਂ ਤੋਂ ਇੰਨੀ ਹੀ ਤਨਖ਼ਾਹ 'ਤੇ ਕੰਮ ਕਰ ਰਹੇ ਹਨ। ਪਿਛਲੇ ਸਾਲ ਵੀ ਪਵਨ ਮੁੰਜਾਲ ਨੂੰ ਸੱਭ ਤੋਂ ਜ਼ਿਆਦਾ ਤਨਖ਼ਾਹ ਮਿਲੀ ਸੀ। ਹੀਰੋ ਮੋਟੋਕਾਰਪ ਦਾ ਮੁਨਾਫ਼ਾ 3697 ਕਰੋੜ ਰੁਪਏ ਰਿਹਾ। ਉਥੇ ਹੀ ਬਜਾਜ ਆਟੋ ਦੇ ਐਮ.ਡੀ. ਰਾਜੀਵ ਬਜਾਜ ਨੇ ਵਿੱਤੀ ਸਾਲ 2018 'ਚ 28.32 ਕਰੋੜ ਰੁਪਏ ਦਾ ਪੈਕੇਜ ਲਿਆ। (ਏਜੰਸੀ)