ਕਸ਼ਮੀਰ 'ਚ ਸਰਕਾਰ ਬਣਾਉਣ ਦਾ ਕੋਈ ਇਰਾਦਾ ਨਹੀਂ, ਰਾਜਪਾਲ ਰਾਜ ਜਾਰੀ ਰਹੇਗਾ : ਭਾਜਪਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜਨਰਲ ਸਕੱਤਰ ਰਾਮ ਮਾਧਵ ਨੇ ਅੱਜ ਉਨ੍ਹਾਂ ਖ਼ਬਰਾਂ ਨੂੰ ਖ਼ਾਰਜ ਕਰ ਦਿਤਾ.........

Ram Madhav

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜਨਰਲ ਸਕੱਤਰ ਰਾਮ ਮਾਧਵ ਨੇ ਅੱਜ ਉਨ੍ਹਾਂ ਖ਼ਬਰਾਂ ਨੂੰ ਖ਼ਾਰਜ ਕਰ ਦਿਤਾ ਕਿ ਉਨ੍ਹਾਂ ਦੀ ਪਾਰਟੀ ਜੰਮੂ-ਕਸ਼ਮੀਰ 'ਚ ਪੀ.ਡੀ.ਪੀ. ਦੇ ਬਾਗ਼ੀ ਵਿਧਾਇਕਾਂ ਦੇ ਨਾਲ ਮਿਲ ਕੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਕਿਹਾ ਕਿ ਉਹ ਸੂਬੇ 'ਚ ਸ਼ਾਂਤੀ, ਪ੍ਰਸ਼ਾਸਨ ਅਤੇ ਵਿਕਾਸ ਲਈ ਰਾਜਪਾਲ ਸ਼ਾਸਨ ਜਾਰੀ ਰੱਖਣ ਦੇ ਹੱਕ 'ਚ ਹੈ। ਉਨ੍ਹਾਂ ਦੀ ਇਹ ਟਿਪਣੀ ਉਦੋਂ ਆਈ ਜਦੋਂ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫ਼ਰੰਸ ਦੇ ਆਗੂ ਉਮਰ ਅਬਦੁੱਲਾ ਨੇ ਇਕ ਖ਼ਬਰ ਟਵੀਟ ਕੀਤੀ ਸੀ

ਜਿਸ 'ਚ ਦਾਅਵਾ ਕੀਤਾ ਗਿਆ ਕਿ 'ਪੀ.ਡੀ.ਪੀ. ਵਿਧਾਇਕਾਂ ਦਾ ਇਕ ਵੱਡਾ ਧੜਾ ਭਾਜਪਾ ਹਾਈਕਮਾਂਡ ਦੇ ਸੰਪਰਕ 'ਚ ਹੈ' ਅਤੇ ਭਗਵੀਂ ਪਾਰਟੀ ਸੂਬੇ 'ਚ ਸਰਕਾਰ ਬਣਾਉਣ ਦੀ ਕੋਸ਼ਿਸ਼ 'ਚ ਹੈ। ਅਬਦੁੱਲਾ ਨੇ ਟਵੀਟ 'ਚ ਭਾਜਪਾ ਆਗੂਆਂ ਨੂੰ ਟੈਗ ਕਰਦਿਆਂ ਕਿਹਾ, ''ਰਾਮ ਮਾਧਵ ਦੇ ਦਾਅਵੇ ਤੋਂ ਉਲਟ, ਸੂਬਾ ਭਾਜਪਾ ਇਕਾਈ ਨੇ ਪੀ.ਡੀ.ਪੀ. ਨੂੰ ਤੋੜਨ ਦੀ ਕੋਸ਼ਿਸ਼ ਪਾਰਟੀ ਵਲੋਂ ਕੀਤੇ ਜਾਣ ਦੀ ਗੱਲ ਮੰਨੀ ਹੈ।

ਅਜਿਹਾ ਲਗਦਾ ਹੈ ਕਿ ਕਿਸੇ ਵੀ ਕੀਮਤ 'ਤੇ ਸੱਤਾ ਹਾਸਲ ਕਰਨ ਦੀਆਂ ਹਦਾਇਤਾਂ ਹਨ।'' ਸੂਬੇ ਲਈ ਭਾਜਪਾ ਦੇ ਇੰਚਾਰਜ ਮਾਧਵ ਨੇ ਕਿਹਾ ਕਿ ਉਹ ਯਕੀਨੀ ਕਰਨਗੇ ਕਿ ਭਾਜਪਾ ਵਾਦੀ 'ਚ ਖ਼ੁਦ ਨੂੰ ਉਨ੍ਹਾਂ ਚੀਜ਼ਾਂ ਤੋਂ ਦੂਰ ਰੱਖੇ ਜੋ ਦੂਜੀਆ ਪਾਰਟੀਆਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਸੂਬੇ 'ਚ ਸ਼ਾਂਤੀ, ਸੁਸ਼ਾਸਨ ਅਤੇ ਵਿਕਾਸ ਲਈ ਰਾਜਪਾਲ ਰਾਜ ਦੇ ਹੱਕ 'ਚ ਹਨ।       (ਪੀਟੀਆਈ)