ਸਾਵਧਾਨ! ਕੋਰੋਨਾ ਵਾਇਰਸ ਦੀ ਇਸ ਦਵਾਈ ਦੀ ਹੋ ਰਹੀ ਹੈ ਕਾਲਾਬਜ਼ਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਹਰ ਕੋਈ ਕੋਸ਼ਿਸ਼ ਕਰ ਰਿਹਾ ਹੈ ਪਰ ਆਏ ਦਿਨ ਕੋਈ ਨਾ ਕੋਈ ਮੁਸ਼ਕਲ ਸਾਹਮਣੇ ਆ ਜਾਂਦੀ ਹੈ।

Vaccine

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਹਰ ਕੋਈ ਕੋਸ਼ਿਸ਼ ਕਰ ਰਿਹਾ ਹੈ ਪਰ ਆਏ ਦਿਨ ਕੋਈ ਨਾ ਕੋਈ ਮੁਸ਼ਕਲ ਸਾਹਮਣੇ ਆ ਜਾਂਦੀ ਹੈ। ਕੇਂਦਰ ਸਰਕਾਰ ਨੇ ਮੰਨਿਆ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਨੂੰ ਹਰਾਉਣ ਵਾਲੀ ਦਵਾ 'ਰੀਮਾਡੇਸੀਵਿਰ' ਦੀ ਕਾਲਾਬਜ਼ਾਰੀ ਹੋ ਰਹੀ ਹੈ। ਇਸ ਕਾਰਨ ਲੋੜਵੰਦ ਲੋਕਾਂ ਕੋਲੋਂ ਇਸ ਦਵਾਈ ਲਈ ਅਪਣੀ ਮਰਜ਼ੀ ਮੁਤਾਬਕ ਕੀਮਤ ਵੀ ਵਸੂਲੀ ਜਾ ਰਹੀ ਹੈ।

ਹੁਣ ਇਸ ਦੇ ਲਈ ਕੇਂਦਰ ਸਰਕਾਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਲਰਟ ਜਾਰੀ ਕੀਤਾ ਹੈ। ਡਰੱਗ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਡਰੱਗ ਕੰਟਰੋਲਰਾਂ ਨੂੰ ਕਾਲਾਬਜ਼ਾਰੀ ਰੋਕਣ ਲਈ ਐਂਟੀ-ਵਾਇਰਲ ਟੀਕੇ 'ਰੀਮਾਡੇਸੀਵਿਰ' 'ਤੇ ਸਖਤ ਨਿਗਰਾਨੀ ਰੱਖਣ ਲਈ ਕਿਹਾ ਗਿਆ ਹੈ। ਇਸ ਦਵਾਈ ਨੂੰ ਐਮਰਜੈਂਸੀ ਅਤੇ ਸੀਮਤ ਅਧਾਰ ‘ਤੇ ਕੋਵਿਡ-19 ਮਰੀਜਾਂ ਦੇ ਇਲਾਜ ਵਿਚ ਵਰਤਣ ਲਈ ਮਨਜ਼ੂਰੀ ਦਿੱਤੀ ਗਈ ਹੈ।

ਡਰੱਗ ਕੰਟਰੋਲਰ ਆਫ ਇੰਡੀਆ ਡਾਕਟਰ ਵੀਜੀ ਸੋਮਾਨੀ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਡਰੱਗ ਕੰਟਰੋਲਰਾਂ ਨੂੰ ਭੇਜੀ ਇਕ ਚਿੱਠੀ ਵਿਚ ਕਿਹਾ ਕਿ ਉਹਨਾਂ ਦੇ ਦਫ਼ਤਰ ਨੂੰ ਇਕ ਚਿੱਠੀ ਮਿਲੀ ਹੈ, ਜਿਸ ਵਿਚ ਚਿੰਤਾ ਜਤਾਈ ਗਈ ਹੈ ਕਿ ਕੁਝ ਗਲਤ ਲੋਕ ਦਵਾਈ ਨੂੰ ਮਹਿੰਗੀ ਕੀਮਤ ‘ਤੇ ਵੇਚ ਰਹੇ ਹਨ।

ਉਹਨਾਂ ਕਿਹਾ ਕਿ ਇਹ ਸ਼ਿਕਾਇਤ ਸੋਸ਼ਲ ਮੀਡੀਆ ਪਲੇਟਫਾਰਮ ‘ਲੋਕਲ ਸਰਕਲਸ’ ਤੋਂ ਸਿਹਤ ਮੰਤਰਾਲੇ ਦੇ ਜ਼ਰੀਏ ਪ੍ਰਾਪਤ ਹੋਈ ਹੈ। ਡਰੱਗ ਕੰਟਰੋਲਰ ਆਫ ਇੰਡੀਆ ਨੇ ਅਧਿਕਾਰੀਆਂ ਨੂੰ 'ਰੀਮਾਡੇਸੀਵਿਰ' ਟੀਕੇ ਦੀ ਜ਼ਿਆਦਾ ਕੀਮਤ ‘ਤੇ ਵਿਕਰੀ ਅਤੇ ਇਸ ਦੀ ਕਾਲਾਬਜ਼ਾਰੀ ਰੋਕਣ ਲਈ ਸਖਤ ਨਿਗਰਾਨੀ ਦੇ ਆਦੇਸ਼ ਦਿੱਤੇ ਹਨ।

ਦੱਸ ਦਈਏ ਕਿ ਫਿਲਹਾਲ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੇਂਦਰ ਸਰਕਾਰ ਨੇ 'ਰੀਮਾਡੇਸੀਵਿਰ' ਨੂੰ ਅਸਰਦਾਰ ਮੰਨਿਆ ਹੈ। ਅਜਿਹੇ ਵਿਚ ਜ਼ਿਆਦਾਤਰ ਸੂਬਿਆਂ ਵਿਚ ਇਸ ਦਵਾਈ ਦੀ ਸਪਲਾਈ ਘੱਟ ਹੈ। ਇਹੀ ਕਾਰਨ ਹੈ ਕਿ ਕਾਲਾਬਜ਼ਾਰੀ ਕਰਨ ਵਾਲੇ ਇਸ ਟੀਕੇ ਨੂੰ ਅਪਣੀ ਮਰਜ਼ੀ ਦੀ ਕੀਮਤ ‘ਤੇ ਵੇਚ ਰਹੇ ਹਨ।