ਫ਼ੇਸ ਮਾਸਕ, ਹੈਂਡ ਸੈਨੇਟਾਈਜ਼ਰ ਹੁਣ ਜ਼ਰੂਰੀ ਵਸਤਾਂ ਨਹੀਂ, ਲੋੜੀਂਦਾ ਸਟਾਕ ਉਪਲਭਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫ਼ੇਸ ਮਾਸਕ ਅਤੇ ਹੈਂਡ ਸੈਨੇਟਾਈਜ਼ਰ ਨੂੰ ਹੁਣ ਜ਼ਰੂਰੀ ਵਸਤਾਂ ਕਾਨੂੰਨ 1955 ਦੇ ਦਾਇਰੇ ਵਿਚੋਂ ਬਾਹਰ ਕਰ ਦਿਤਾ ਗਿਆ ਹੈ

Covid 19

ਨਵੀਂ ਦਿੱਲੀ, 7 ਜੁਲਾਈ: ਫ਼ੇਸ ਮਾਸਕ ਅਤੇ ਹੈਂਡ ਸੈਨੇਟਾਈਜ਼ਰ ਨੂੰ ਹੁਣ ਜ਼ਰੂਰੀ ਵਸਤਾਂ ਕਾਨੂੰਨ 1955 ਦੇ ਦਾਇਰੇ ਵਿਚੋਂ ਬਾਹਰ ਕਰ ਦਿਤਾ ਗਿਆ ਹੈ। ਉਪਭੋਗਤਾ ਮਾਮਲਿਆਂ ਦੀ ਸਕੱਤਰ ਲੀਨਾ ਨੰਦਨ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਵਿਚ ਚਿਹਰਾ ਢਕਣ ਦੇ ਮਾਸਕ ਅਤੇ ਹੱਥ ਧੋਣ ਲਈ ਸੈਨੇਟਾਈਜ਼ਰ ਦੀ ਸਪਲਾਈ ਕਾਫ਼ੀ ਹੈ, ਹੁਣ ਇਹ ਜ਼ਰੂਰੀ ਉਤਪਾਦ ਨਹੀਂ ਰਹੇ। ਕੇਂਦਰੀ ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਨੇ 13 ਮਾਰਚ ਨੂੰ ਇਨ੍ਹਾਂ ਦੋਹਾਂ ਨੂੰ 100 ਦਿਨਾਂ ਲਈ ਜ਼ਰੂਰੀ ਵਸਤਾਂ ਐਲਾਨਿਆ ਸੀ। ਉਸ ਸਮੇਂ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਇਨ੍ਹਾਂ ਵਸਤਾਂ ਦੀ ਮੰਗ ਵਿਚ ਜ਼ੋਰਦਾਰ ਇਜ਼ਾਫ਼ਾ ਹੋਇਆ ਸੀ। ਇਨ੍ਹਾਂ ਵਸਤਾਂ ਦੀ ਸਪਲਾਈ ਵਧਾਉਣ ਅਤੇ ਜਮ੍ਹਾਂਖੋਰੀ ਰੋਕਣ ਲਈ ਇਹ ਕਦਮ ਚੁਕਿਆ ਗਿਆ। ਨੰਦਨ ਨੇ ਕਿਹਾ, 'ਇਨ੍ਹਾਂ ਦੋ ਉਤਪਾਦਾਂ ਨੂੰ 30 ਜੂਨ ਤਕ ਜ਼ਰੂਰੀ ਵਸਤਾਂ ਐਲਾਨਿਆ ਗਿਆ ਸੀ। ਹੁਣ ਇਹ ਮਿਆਦ ਅੱਗੇ ਵਧਾਉਣ ਦੀ ਲੋੜ ਨਹੀਂ ਕਿਉਂਕਿ ਦੇਸ਼ ਵਿਚ ਕਾਫ਼ੀ ਸਪਲਾਈ ਹੈ।' ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਫ਼ੈਸਲਾ ਰਾਜ ਸਰਕਾਰਾਂ ਨਾਲ ਵਿਚਾਰ ਕਰਨ ਮਗਰੋਂ ਕੀਤਾ ਗਿਆ ਹੈ। ਨੰਦਨ ਨੇ ਕਿਹਾ, 'ਅਸੀਂ ਸਾਰੇ ਰਾਜਾਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਨੂੰ ਦੱਸ ਦਿਤਾ ਹੈ ਕਿ ਇਨ੍ਹਾਂ ਉਤਪਾਦਾਂ ਦੀ ਕਾਫ਼ੀ ਸਪਲਾਈ ਹੋ ਰਹੀ ਹੇ।'