ਭਾਰਤ 'ਚ ਪ੍ਰਤੀ 10 ਲੱਖ ਆਬਾਦੀ ਪਿੱਛੇ ਲਾਗ ਦੇ ਮਾਮਲੇ, ਮੌਤ ਦਰ ਦੁਨੀਆਂ ਵਿਚ ਸੱਭ ਤੋਂ ਘੱਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਭਾਰਤ ਵਿਚ ਦਸ ਲੱਖ ਦੀ ਆਬਾਦੀ 'ਤੇ ਕੋਰੋਨਾ ਵਾਇਰਸ ਦੇ ਮਾਮਲੇ ....

Covid 19

ਨਵੀਂ ਦਿੱਲੀ, 7 ਜੁਲਾਈ  : ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਭਾਰਤ ਵਿਚ ਦਸ ਲੱਖ ਦੀ ਆਬਾਦੀ 'ਤੇ ਕੋਰੋਨਾ ਵਾਇਰਸ ਦੇ ਮਾਮਲੇ ਅਤੇ ਮੌਤ ਦਰ ਦੁਨੀਆਂ ਵਿਚ ਸੱਭ ਤੋਂ ਘੱਟ ਹੈ। ਦੇਸ਼ ਵਿਚ ਕੋਵਿਡ-19 ਤੋਂ ਪੀੜਤ ਲੋਕਾਂ ਦੀ ਗਿਣਤੀ ਸੱਤ ਲੱਖ ਨੂੰ ਪਾਰ ਕਰ ਚੁਕੀ ਹੈ ਅਤੇ ਮ੍ਰਿਤਕਾਂ ਦੀ ਗਿਣਤੀ 20,160 ਹੋ ਗਈ ਹੈ। ਮੰਤਰਾਲੇ ਨੇ ਛੇ ਜੁਲਾਈ ਦੀ ਸੰਸਾਰ ਸਿਹਤ ਸੰਸਥਾ ਦੀ ਰੀਪੋਰਟ 168 ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਵਿਚ ਪ੍ਰਤੀ ਦਸ ਲੱਖ ਦੀ ਆਬਾਦੀ 'ਤੇ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ 505.37 ਹੈ ਜਦਕਿ ਸੰਸਾਰ ਔਸਤ 1453.25 ਹੈ। ਚਿੱਲੀ ਵਿਚ ਪ੍ਰਤੀ ਦਸ ਲੱਖ ਆਬਾਦੀ 'ਤੇ 15459.8 ਮਾਮਲੇ ਹੈ ਜਦਕਿ ਪੇਰੂ ਵਿਚ ਪ੍ਰਤੀ ਦਸ ਲੱਖ ਆਬਾਦੀ 'ਤੇ 9,070.8 ਪੀੜਤ ਹਨ।

ਸੰਸਾਰ ਸਿਹਤ ਸੰਸਥਾ ਦੀ ਰੀਪੋਰਟ ਮੁਤਾਬਕ ਅਮਰੀਕਾ, ਬ੍ਰਾਜ਼ੀਲ, ਸਪੇਨ, ਰੂਸ, ਬ੍ਰਿਟੇਨ, ਇਟਲੀ ਅਤੇ ਮੈਕਸੀਕੋ ਵਿਚ ਪ੍ਰਤੀ ਦਸ ਲੱਖ ਆਬਾਦੀ 'ਤੇ ਲਾਗ ਦੇ ਕ੍ਰਮਵਾਰ 8560.5, 7419.1, 5358.7, 4713.5, 4204.4, 3996.1 ਅਤੇ 1955.8 ਮਾਮਲੇ ਹਨ। ਮੰਤਰਾਲੇ ਨੇ ਕਿਹਾ ਕਿ ਰੀਪੋਰਟ ਤੋਂ ਇਹ ਵੀ ਪਤਾ ਚਲਦਾ ਹੈ ਕਿ ਭਾਰਤ ਵਿਚ ਪ੍ਰਤੀ ਦਸ ਲੱਖ ਆਬਾਦੀ 'ਤੇ ਸੱਭ ਤੋਂ ਘੱਟ ਮੌਤ ਦਰ ਹੈ। ਭਾਰਤ ਵਿਚ ਪ੍ਰਤੀ ਦਸ ਲੱਖ ਆਬਾਦੀ 'ਤੇ ਮੌਤ ਦੇ ਮਾਮਲੇ 14.27 ਹੈ ਜਦਕਿ ਸੰਸਾਰ ਔਸਤ ਚਾਰ ਗੁਣਾਂ 68.29 ਹੈ। ਬ੍ਰਿਟੇਨ ਵਿਚ ਪ੍ਰਤੀ ਦਸ ਲੱਖ ਆਬਾਦੀ 'ਤੇ 651.4 ਮੌਤਾਂ ਹੋਈਆਂ ਹਨ ਜਦਕਿ ਸਪੇਨ, ਇਟਲੀ, ਫ਼ਰਾਂਸ, ਅਮਰੀਕਾ, ਪੇਰੂ, ਬ੍ਰਾਜ਼ੀਲ ਅਤੇ ਮੈਕਸੀਕੋ ਵਿਚ ਇਹ ਅੰਕੜਾ ਕ੍ਰਮਵਾਰ 607.1, 576.6, 456.7, 391.0, 315.8, 302.3 ਅਤੇ 234.5 ਹੈ। ਦੇਸ਼ ਵਿਚ ਸੱਤ ਜੁਲਾਈ ਤਕ ਕੋਵਿਡ 1201 ਸਮਰਪਿਤ ਹਸਪਤਾਲ, 2611 ਕੋਵਿਡ ਸਿਹਤ ਕੇਂਦਰ ਅਤੇ 9909 ਕੋਵਿਡ ਦੇਖਭਾਲ ਕੇਂਦਰ ਹੈ ਜਿਥੇ ਅਤਿ ਗੰਭੀਰ ਤੋਂ ਲੈ ਕੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ। ਦੇਸ਼ ਵਿਚ ਜਾਂਚ ਲਈ 1115 ਲੈਬਾਂ ਹਨ ਜਿਨ੍ਹਾਂ ਵਿਚ 793 ਸਰਕਾਰ ਅਤੇ 322 ਨਿਜੀ ਹਨ।