ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਸੱਤ ਲੱਖ ਦੇ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਿਜ਼ ਪੰਜ ਦਿਨਾਂ ਵਿਚ ਛੇ ਲੱਖ ਤੋਂ ਸੱਤ ਲੱਖ ਹੋਏ ਮਾਮਲੇ, ਇਕ ਦਿਨ ਵਿਚ 467 ਮੌਤਾਂ

Covid 19

ਨਵੀਂ ਦਿੱਲੀ, 7 ਜੁਲਾਈ  : ਭਾਰਤ ਵਿਚ ਕੋਵਿਡ-19 ਦੇ 22252 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਦੇਸ਼ ਵਿਚ ਲਾਗ ਦੇ ਮਾਮਲੇ ਵੱਧ ਕੇ ਸੱਤ ਲੱਖ ਦੇ ਪਾਰ ਪਹੁੰਚ ਗਏ। ਮਹਿਜ਼ ਪੰਜ ਦਿਨਾਂ ਵਿਚ ਹੀ ਲਾਗ ਦੇ ਮਾਮਲੇ ਛੇ ਲੱਖ ਤੋਂ ਸੱਤ ਲੱਖ ਹੋ ਗਏ ਹਨ। ਇਸ ਬੀਮਾਰੀ ਕਾਰਨ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਵੀ 20 ਹਜ਼ਾਰ ਦੇ ਪਾਰ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿਤੀ। ਦੇਸ਼ ਵਿਚ ਲਾਗ ਦੇ ਮਾਮਲੇ ਇਕ ਲੱਖ ਹੋਣ ਵਿਚ 110 ਦਿਨ ਲੱਗੇ ਸਨ ਅਤੇ ਸਿਰਫ਼ 49 ਦਿਨਾਂ ਵਿਚ ਹੀ ਇਹ ਸੱਤ ਲੱਖ ਦੇ ਪਾਰ ਪਹੁੰਚ ਗਏ।

ਮੰਤਰਾਲੇ ਨੇ ਦਸਿਆ ਕਿ ਲਗਾਤਾਰ ਪੰਜਵੇਂ ਦਿਨ ਦੇਸ਼ ਵਿਚ 20 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੁਲ ਮਾਮਲਿਆਂ ਦੀ ਗਿਣਤੀ 719665 'ਤੇ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਵਿਚ 467 ਹੋਰ ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਕੁਲ ਗਿਣਤੀ 20160 ਹੋ ਗਈ ਹੈ। ਦੇਸ਼ ਵਿਚ ਹਾਲੇ ਤਕ 439947 ਲੋਕ ਠੀਕ ਹੋ ਚੁਕੇ ਹਨ ਅਤੇ 259557 ਲੋਕਾਂ ਦਾ ਇਲਾਜ ਜਾਰੀ ਹੈ। ਅਧਿਕਾਰੀ ਨੇ ਕਿਹਾ ਕਿ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਹਾਲੇ 61.13 ਫ਼ੀ ਸਦੀ ਹੈ। ਕੋਵਿਡ 19 ਦੇ ਕੁਲ ਪੁਸ਼ਟ ਮਾਮਲਿਆਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹੈ।

ਆਈਸੀਐਮਆਰ ਮੁਤਾਬਕ ਛੇ ਜੁਲਾਈ ਤਕ ਦੇਸ਼ ਵਿਚ 1,02,11,092 ਨਮੂਨਿਆਂ ਦੀ ਜਾਂਚ ਕੀਤੀ ਗਈ। ਅੰਕੜਿਆਂ ਮੁਤਾਬਕ 467 ਮੌਤਾਂ ਵਿਚੋਂ ਸੱਭ ਤੋਂ ਵੱਧ 204 ਮੌਤਾਂ ਮਹਾਰਾਸ਼ਟਰ ਵਿਚ ਹੋਈਆਂ ਜਿਸ ਤੋਂ ਬਾਅਦ ਤਾਮਿਲਨਾਡੂ ਵਿਚ 61, ਦਿੱਲੀ ਵਿਚ 48, ਕਰਨਾਟਕ ਵਿਚ 29, ਯੂਪੀ ਵਿਚ 24, ਪਛਮੀ ਬੰਗਾਲ ਵਿਚ 2, ਗੁਜਰਾਤ ਵਿਚ 17, ਤੇਲੰਗਾਨਾ ਤੇ ਹਰਿਆਣਾ ਵਿਚ 11-11, ਮੱਧ ਪ੍ਰਦੇਸ਼ ਵਿਚ ਨੌਂ, ਆਂਧਰਾ ਪ੍ਰਦੇਸ਼ ਵਿਚ ਸੱਤ, ਜੰਮੂ ਕਸ਼ਮੀਰ ਵਿਚ ਛੇ, ਰਾਜਸਥਾਨ ਅਤੇ ਪੰਜਾਬ ਵਿਚ ਪੰਜ-ਪੰਜ, ਕੇਰਲਾ ਤੇ ਉੜੀਸਾ ਵਿਚ ਦੋ-ਦੋ ਅਤੇ ਅਰੁਣਾਂਚਲ ਪ੍ਰਦੇਸ਼ ਤੇ ਝਾਰਖੰਡ ਵਿਚ ਇਕ-ਇਕ ਮੌਤ ਹੋਈ ਹੈ।

ਹੁਣ ਤਕ 20160 ਮਰੀਜ਼ਾਂ ਦੀ ਮੌਤ ਦੇ ਮਾਮਲਿਆਂ ਵਿਚ ਮਹਾਰਾਸ਼ਟਰ ਵਿਚ ਸੱਭ ਤੋਂ ਵੱਧ 9026 ਲੋਕਾਂ ਨੇ ਜਾਨ ਗਵਾਈ ਹੈ। ਦਿੱਲੀ ਵਿਚ 3115, ਗੁਜਰਾਤ ਵਿਚ 1960, ਤਾਮਿਲਨਾਡੂ ਵਿਚ 1571, ਯੂਪੀ ਵਿਚ 809, ਪਛਮੀ ਬੰਗਾਲ ਵਿਚ 779, ਮੱਧ ਪ੍ਰਦੇਸ਼ ਵਿਚ 617, ਰਾਜਸਥਾਨ ਵਿਚ 461, ਕਰਨਾਟਕ ਵਿਚ 401 ਅਤੇ ਤੇਲੰਗਾਨਾ ਵਿਚ 306 ਲੋਕਾਂ ਦੀ ਮੌਤ ਹੋਈ। ਮਹਾਰਾਸ਼ਟਰ ਵਿਚ ਲਾਗ ਦੇ ਸੱਭ ਤੋਂ ਵੱਧ 211987 ਮਾਮਲੇ ਸਾਹਮਣੇ ਆਏ ਹਨ।