ਚੰਡੀਗੜ੍ਹ ਸਕੂਲ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ, ਇੱਕ ਹਫ਼ਤੇ ਵਿਚ ਰਿਪੋਰਟ ਦੇਵੇਗੀ 3 ਮੈਂਬਰੀ ਕਮੇਟੀ 

ਏਜੰਸੀ

ਖ਼ਬਰਾਂ, ਰਾਸ਼ਟਰੀ

SDM, ਰੇਂਜ ਫਾਰੈਸਟ ਅਫ਼ਸਰ ਅਤੇ ਬਾਗਬਾਨੀ ਵਿਭਾਗ ਦੇ ਐਗਜ਼ੀਕਿਊਟਿਵ ਇੰਜੀਨੀਅਰ ਕਰਨਗੇ ਜਾਂਚ 

Chandigarh school incident

ਚੰਡੀਗੜ੍ਹ  : ਸਥਾਨਕ ਸੈਕਟਰ 9 ਦੇ ਕਾਰਮਲ ਕਾਨਵੈਂਟ ਸਕੂਲ ਵਿੱਚ ਦਰੱਖਤ ਡਿੱਗਣ ਦੀ ਘਟਨਾ ਵਾਪਰੀ ਜਿਸ ਵਿਚ ਦਰਜਨ ਤੋਂ ਵੱਧ ਬਚੇ ਲਪੇਟ ਵਿਚ ਆ ਗਏ ਸਨ। ਇਹ ਹਾਦਸਾ ਅੱਜ ਸਵੇਰੇ 11:30 ਵਜੇ ਦੇ ਕਰੀਬ ਵਾਪਰਿਆ। ਇਸ ਦੀ ਜਾਂਚ ਲਈ ਹੁਣ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿਤੇ ਗਏ ਹਨ ਅਤੇ ਇਸ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਇੱਕ ਹਫ਼ਤੇ ਦੇ ਅੰਦਰ ਜਾਂਚ ਰਿਪੋਰਟ ਪੇਸ਼ ਕਰੇਗੀ। SDM, ਰੇਂਜ ਫਾਰੈਸਟ ਅਫ਼ਸਰ ਅਤੇ ਬਾਗਬਾਨੀ ਵਿਭਾਗ ਦੇ ਐਗਜ਼ੀਕਿਊਟਿਵ ਇੰਜੀਨੀਅਰ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਇਸ ਘਟਨਾ ਵਿਚ ਕੁੱਲ 19 ਵਿਦਿਆਰਥੀ ਅਤੇ ਇੱਕ ਮਹਿਲਾ ਸੇਵਾਦਾਰ (40) ਦੇ ਜ਼ਖਮੀ ਹੋਣ ਦੀ ਸੂਚਨਾ ਹੈ ਅਤੇ ਇਸ ਦੇ ਨਾਲ ਹੀ ਇਕ ਵਿਦਿਆਰਥੀ (16 ਸਾਲ) ਨੂੰ ਤੁਰੰਤ PGIMER ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। 11 ਵਿਦਿਆਰਥੀਆਂ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਡਾਇਰੈਕਟਰ ਸਿਹਤ ਸੇਵਾਵਾਂ ਦੀ ਨਿਗਰਾਨੀ ਹੇਠ ਜੀਐਮਐਸਐਚ 16 ਵਿੱਚ ਇਲਾਜ ਅਧੀਨ ਹਨ ਅਤੇ ਡਾਕਟਰੀ ਜਾਂਚ ਤੋਂ ਬਾਅਦ ਛੁੱਟੀ ਦੇ ਦਿੱਤੀ ਜਾਵੇਗੀ।

ਚਾਰ ਵਿਦਿਆਰਥੀ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਉਨ੍ਹਾਂ ਨੂੰ ਫੋਰਟਿਸ ਹਸਪਤਾਲ ਅਤੇ ਦੋ ਮੁਕੁਟ ਹਸਪਤਾਲ ਗਏ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਮਹਿਲਾ ਸੇਵਾਦਾਰ ਅਤੇ ਇੱਕ ਵਿਦਿਆਰਥੀ ਨੂੰ ਹੁਣ GMSH-16 ਤੋਂ ਪੀਜੀਆਈਐਮਈਆਰ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਅਤੇ ਪੀਜੀਆਈਐਮਈਆਰ ਵਿੱਚ ਡਾਕਟਰਾਂ ਦੀ ਲਗਾਤਾਰ ਨਿਗਰਾਨੀ ਹੇਠ ਹਨ।

ਗ੍ਰਹਿ ਸਕੱਤਰ ਚੰਡੀਗੜ੍ਹ, ਡਿਪਟੀ ਕਮਿਸ਼ਨਰ, ਚੀਫ਼ ਕੰਜ਼ਰਵੇਟਰ ਆਫ਼ ਫਾਰੈਸਟ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਸਕੱਤਰ ਨੇ ਸਕੂਲ, ਜੀਐਮਐਸਐਚ-16 ਅਤੇ ਪੀਜੀਆਈਐਮਈਆਰ ਦਾ ਦੌਰਾ ਕੀਤਾ। ਭਵਿੱਖ ਵਿੱਚ ਅਜਿਹੀ ਕਿਸੇ ਵੀ ਘਟਨਾ ਤੋਂ ਬਚਣ ਲਈ ਨਗਰ ਨਿਗਮ, ਜੰਗਲਾਤ ਵਿਭਾਗ, ਬਾਗਬਾਨੀ ਵਿੰਗ ਦੇ ਅਧਿਕਾਰੀਆਂ ਦੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਸਕੂਲਾਂ ਅਤੇ ਹੋਰ ਸਿੱਖਿਆ ਸੰਸਥਾਵਾਂ ਦਾ ਦੌਰਾ ਕਰਕੇ ਚਾਰਦੀਵਾਰੀ ਦੇ ਅੰਦਰ ਅਤੇ ਆਲੇ-ਦੁਆਲੇ ਦਰੱਖਤਾਂ ਦਾ ਨਿਰੀਖਣ ਕਰੇਗੀ। 

ਚੰਡੀਗੜ੍ਹ ਸਕੂਲ ਹਾਦਸੇ ’ਤੇ CM ਭਗਵੰਤ ਮਾਨ ਦਾ ਟਵੀਟ

“ਚੰਡੀਗੜ੍ਹ ਦੇ ਨਿੱਜੀ ਸਕੂਲ 'ਚ ਦਰਖ਼ਤ ਡਿੱਗਣ ਕਰਕੇ ਵੱਡਾ ਹਾਦਸਾ ਹੋਇਆ...ਜਿਸ ’ਚ ਇੱਕ ਮਾਸੂਮ ਬੱਚੇ ਦੀ ਮੌਤ ਦੀ ਦੁਖਦਾਈ ਖਬਰ ਮਿਲੀ ਅਤੇ ਕਈ ਬੱਚੇ ਜ਼ਖਮੀ ਹੋਏ ਨੇ। ਮੈਂ ਪਰਮਾਤਮਾ ਅੱਗੇ ਜ਼ਖਮੀ ਬੱਚਿਆਂ ਦੀ ਜਲਦ ਸਿਹਤਯਾਬੀ ਅਤੇ ਮ੍ਰਿਤਕ ਬੱਚੇ ਦੇ ਮਾਪਿਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕਰਦਾ ਹਾਂ”

ਚੰਡੀਗੜ੍ਹ ਸਕੂਲ ਹਾਦਸੇ 'ਤੇ MP ਕਿਰਨ ਖੇਰ ਦਾ ਟਵੀਟ 
''ਕਾਰਮੇਲ ਕਾਨਵੈਂਟ ਸਕੂਲ ਚੰਡੀਗੜ੍ਹ 'ਚ ਅੱਜ ਇੱਕ ਦਰੱਖਤ ਡਿੱਗਣ ਕਾਰਨ ਕਈ ਬੱਚੇ ਜ਼ਖ਼ਮੀ ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਮੈਂ ਪ੍ਰਬੰਧਕਾਂ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ 'ਚ ਹਾਂ। ਜ਼ਖ਼ਮੀ ਵਿਦਿਆਰਥੀਆਂ ਦੀ ਸਿਹਤਯਾਬੀ ਲਈ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ।''