ਅਮਰਨਾਥ ਗੁਫ਼ਾ ਨੇੜੇ ਫਟਿਆ ਬੱਦਲ, 13 ਦੀ ਮੌਤ ਅਤੇ 40 ਲਾਪਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਹਤ ਅਤੇ ਬਚਾਅ ਕਾਰਜ ਜਾਰੀ, ਫਿਲਹਾਲ ਯਾਤਰਾ 'ਤੇ ਲੱਗੀ ਪਾਬੰਦੀ 

Cloudburst near Amarnath cave, 13 dead and 40 missing

ਅਮਰਨਾਥ ਗੁਫ਼ਾ ਨੇੜੇ ਬੱਦਲ ਫਟਣ ਦੀ ਖਬਰ ਹੈ। ਘਟਨਾ ਸ਼ੁੱਕਰਵਾਰ ਸ਼ਾਮ 5.30 ਵਜੇ ਵਾਪਰੀ। ਜਿਸ ਸਮੇਂ ਬੱਦਲ ਫਟਿਆ, ਉਸ ਸਮੇਂ ਗੁਫਾ ਦੇ ਨੇੜੇ 10 ਤੋਂ 15 ਹਜ਼ਾਰ ਸ਼ਰਧਾਲੂ ਮੌਜੂਦ ਸਨ। ਇਸ ਘਟਨਾ 'ਚ 3 ਔਰਤਾਂ ਸਮੇਤ 13 ਲੋਕਾਂ ਦੀ ਮੌਤ ਹੋ ਗਈ ਹੈ। ਅਜੇ ਵੀ 35 ਤੋਂ 40 ਸ਼ਰਧਾਲੂਆਂ ਦੇ ਫਸੇ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਪਵਿੱਤਰ ਗੁਫਾ ਤੋਂ ਇੱਕ ਤੋਂ ਦੋ ਕਿਲੋਮੀਟਰ ਦੇ ਦਾਇਰੇ ਵਿੱਚ ਬੱਦਲ ਫਟਿਆ।

ਸ਼ਰਧਾਲੂਆਂ ਲਈ ਲਗਾਏ ਗਏ 25 ਦੇ ਕਰੀਬ ਟੈਂਟ ਪਹਾੜਾਂ ਤੋਂ ਤੇਜ਼ ਵਹਾਅ ਨਾਲ ਆਏ ਪਾਣੀ ਨਾਲ ਰੁੜ੍ਹ ਗਏ। ਮੀਂਹ ਕਾਰਨ ਪੂਰਾ ਇਲਾਕਾ ਪਾਣੀ ਨਾਲ ਭਰ ਗਿਆ ਅਤੇ ਕਈ ਲੋਕ ਇਸ ਦੀ ਲਪੇਟ ਵਿਚ ਆ ਗਏ। ਕਈ ਸ਼ਰਧਾਲੂ ਲਾਪਤਾ ਹਨ ਅਤੇ ਤੇਜ਼ ਵਹਾਅ 'ਚ ਉਨ੍ਹਾਂ ਦੇ ਰੁੜ੍ਹ ਜਾਣ ਦਾ ਖਦਸ਼ਾ ਹੈ।

ਆਰਮੀ ਸਮੇਤ ਕਈ ਏਜੰਸੀਆਂ ਬਚਾਅ 'ਚ ਜੁਟੀਆਂ ਹੋਈਆਂ ਹਨ। ਘਟਨਾ ਦੇ ਤੁਰੰਤ ਬਾਅਦ ਜੰਮੂ-ਕਸ਼ਮੀਰ ਪੁਲਿਸ ਦੇ ਨਾਲ-ਨਾਲ ਆਰਮੀ, ਆਈਟੀਬੀਪੀ, ਸੀਆਰਪੀਐਫ, ਬੀਐਸਐਫ, ਐਨਡੀਆਰਐਫ ਅਤੇ ਐਸਡੀਆਰਐਫ ਦੀ ਟੀਮ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਐਨਡੀਆਰਐਫ ਦੇ ਡੀਜੀ ਅਤੁਲ ਕਰਵਲ ਨੇ ਕਿਹਾ ਕਿ ਲੋਕਾਂ ਨੂੰ ਸੁਰੱਖਿਅਤ ਕੱਢ ਕੇ ਕੈਂਪਾਂ ਵਿੱਚ ਲਿਜਾਇਆ ਜਾ ਰਿਹਾ ਹੈ। ਜ਼ਖਮੀਆਂ ਨੂੰ ਹਵਾਈ ਜਹਾਜ਼ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਹੈ।

ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨਾਲ ਗੱਲ ਕੀਤੀ। ਉਨ੍ਹਾਂ ਨੇ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪੀੜਤਾਂ ਨੂੰ ਹਰ ਸੰਭਵ ਮਦਦ ਦੇਣ ਦੀ ਗੱਲ ਕਹੀ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕੀਤਾ, 'ਮੈਂ ਐੱਲ.ਜੀ. ਮਨੋਜ ਸਿਨਹਾ ਜੀ ਨਾਲ ਗੱਲ ਕੀਤੀ ਹੈ ਅਤੇ ਬਾਬਾ ਅਮਰਨਾਥ ਜੀ ਦੀ ਗੁਫਾ ਨੇੜੇ ਬੱਦਲ ਫਟਣ ਕਾਰਨ ਆਏ ਹੜ੍ਹ ਦੀ ਸਥਿਤੀ ਬਾਰੇ ਜਾਣਕਾਰੀ ਲਈ ਹੈ। ਲੋਕਾਂ ਦੀ ਜਾਨ ਬਚਾਉਣਾ ਸਾਡੀ ਪਹਿਲ ਹੈ।  
****