ਸੋਨੀਪਤ 'ਚ ਰਾਹੁਲ ਗਾਂਧੀ ਨੇ ਕਿਸਾਨਾਂ ਨਾਲ ਲਗਾਇਆ ਝੋਨਾ ਤੇ ਚਲਾਇਆ ਟਰੈਕਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਤੇ ਮਜ਼ਦੂਰਾਂ ਨਾਲ ਖੇਤੀ ਸਬੰਧੀ ਕੀਤੀ ਗੱਲਬਾਤ

photo

 

ਸੋਨੀਪਤ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਹਰਿਆਣਾ ਦੇ ਸੋਨੀਪਤ 'ਚ ਕਿਸਾਨਾਂ ਨਾਲ ਖੇਤਾਂ 'ਚ ਝੋਨਾ ਲਗਾਇਆ। ਉਹਨਾਂ ਨੇ ਟਰੈਕਟਰ ਚਲਾ ਕੇ ਖੇਤ ਵੀ ਵਾਹਿਆ। ਉਨ੍ਹਾਂ ਕਿਸਾਨਾਂ ਤੇ ਮਜ਼ਦੂਰਾਂ ਨਾਲ ਖੇਤੀ ਸਬੰਧੀ ਗੱਲਬਾਤ ਵੀ ਕੀਤੀ। ਇਸ ਤੋਂ ਬਾਅਦ ਰਾਹੁਲ ਗਾਂਧੀ ਉਥੋਂ ਚਲੇ ਗਏ। ਰਾਹੁਲ ਨੇ ਕਿਸਾਨਾਂ ਨਾਲ ਬੈਠ ਕੇ ਖਾਣਾ ਵੀ ਖਾਧਾ।

ਇਸ ਦੌਰਾਨ ਕਾਂਗਰਸੀ ਆਗੂ ਤੇ ਵਰਕਰ ਮੌਕੇ ’ਤੇ ਪੁੱਜੇ। ਬੜੌਦਾ ਤੋਂ ਕਾਂਗਰਸ ਵਿਧਾਇਕ ਇੰਦੂਰਾਜ ਨਰਵਾਲ ਅਤੇ ਗੋਹਾਨਾ ਤੋਂ ਵਿਧਾਇਕ ਜਗਬੀਰ ਮਲਿਕ ਵੀ ਉਨ੍ਹਾਂ ਨੂੰ ਮਿਲਣ ਪਹੁੰਚੇ। ਨਰਵਾਲ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਆਉਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ, ਪਰ ਜਿਵੇਂ ਹੀ ਉਨ੍ਹਾਂ ਨੂੰ ਪਿੰਡ ਵਾਸੀਆਂ ਤੋਂ ਇਸ ਬਾਰੇ ਪਤਾ ਲੱਗਾ ਤਾਂ ਉਹ ਉਨ੍ਹਾਂ ਨੂੰ ਮਿਲਣ ਆਏ।

ਗੋਹਾਨਾ ਤੋਂ ਕਾਂਗਰਸੀ ਵਿਧਾਇਕ ਜਗਬੀਰ ਮਲਿਕ ਨੇ ਕਿਹਾ ਕਿ ਇਹ ਇਲਾਕਾ ਖੁਸ਼ਕਿਸਮਤ ਹੈ ਕਿ ਰਾਹੁਲ ਗਾਂਧੀ ਇਥੇ ਪੁੱਜੇ ਹਨ। ਉਹ ਦੇਖ ਰਹੇ ਸਨ ਕਿ ਪਿੰਡ ਦੇ ਅੰਦਰ ਕੀ ਪ੍ਰਕਿਰਿਆ ਹੈ। ਕਿਸਾਨ ਝੋਨੇ ਦੀ ਬੀਜਾਈ ਕਿਵੇਂ ਕਰਦੇ ਹਨ? ਉਹ ਕਿਹੜੀਆਂ ਮੁਸ਼ਕਲਾਂ ਵਿੱਚ ਜੀਅ ਰਹੇ ਹਨ, ਇਹ ਸਭ ਰਾਹੁਲ ਗਾਂਧੀ ਨੇ ਕਿਸਾਨਾਂ ਵਿਚ ਆ ਕੇ ਦੇਖਿਆ।

ਦਰਅਸਲ ਰਾਹੁਲ ਗਾਂਧੀ ਦਿੱਲੀ ਤੋਂ ਸ਼ਿਮਲਾ ਜਾ ਰਹੇ ਸਨ। ਸਵੇਰੇ 7 ਵਜੇ ਦੇ ਕਰੀਬ ਸੋਨੀਪਤ ਦੇ ਮਦੀਨਾ ਪਿੰਡ 'ਚ ਜਦੋਂ ਉਸ ਨੇ ਕਿਸਾਨਾਂ ਨੂੰ ਖੇਤਾਂ 'ਚ ਝੋਨਾ ਲਗਾਉਂਦੇ ਵੇਖਿਆ ਤਾਂ ਉਹ ਆਪਣੇ ਕਾਫਲੇ ਨੂੰ ਰੋਕ ਕੇ ਕਿਸਾਨਾਂ ਵਿਚਕਾਰ ਖੇਤ 'ਚ ਪਹੁੰਚ ਗਿਆ।
ਇਸ ਤੋਂ ਪਹਿਲਾਂ 28 ਜੂਨ ਨੂੰ ਰਾਹੁਲ ਨੂੰ ਦਿੱਲੀ ਦੇ ਕਰੋਲ ਬਾਗ 'ਚ ਬਾਈਕ ਮਕੈਨਿਕ ਦੀ ਦੁਕਾਨ 'ਤੇ ਦੇਖਿਆ ਗਿਆ ਸੀ। ਉਹ ਉੱਥੇ ਮਕੈਨਿਕ ਨਾਲ ਕੰਮ ਕਰਦੇ ਨਜ਼ਰ ਆਏ ।