ਰੇਲ ਸਫ਼ਰ ਹੋਵੇਗਾ ਸਸਤਾ! AC ਚੇਅਰ ਕਾਰ ਅਤੇ ਐਗਜ਼ੀਕਿਊਟਿਵ ਕਲਾਸ ਦੇ ਕਿਰਾਏ 'ਚ 25 ਫ਼ੀਸਦੀ ਤੱਕ ਦੀ ਕਟੌਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਰੇਲਵੇ ਨੇ ਕਿਹਾ ਕਿ ਕਿਰਾਏ 'ਚ ਇਹ ਕਟੌਤੀ ਟਰੇਨਾਂ 'ਚ ਸੀਟ ਭਰਨ ਦੇ ਆਧਾਰ 'ਤੇ ਕੀਤੀ ਜਾਵੇਗੀ

Indian Railways cuts train ticket prices of AC chair car trains including Vande Bharat by up to 25%.

ਨਵੀਂ ਦਿੱਲੀ -  ਟਰੇਨਾਂ ਵਿਚ ਸਫ਼ਰ ਕਰਨ ਵਾਲਿਆਂ ਨੂੰ ਸਰਕਾਰ ਨੇ ਖੁਸ਼ਖ਼ਬਰੀ ਦਿੱਤੀ ਹੈ। ਰੇਲਵੇ ਬੋਰਡ ਨੇ ਇੱਕ ਆਦੇਸ਼ ਵਿਚ ਕਿਹਾ ਹੈ ਕਿ ਵੰਦੇ ਭਾਰਤ ਸਮੇਤ ਸਾਰੀਆਂ ਟਰੇਨਾਂ ਦੇ ਏਸੀ ਚੇਅਰ ਕਾਰ ਅਤੇ ਐਗਜ਼ੀਕਿਊਟਿਵ ਕਲਾਸ ਅਤੇ ਅਨੁਭੂਤੀ ਅਤੇ ਵਿਸਟਾਡੋਮ ਕੋਚ ਦੇ ਕਿਰਾਏ ਵਿਚ 25 ਫ਼ੀਸਦੀ ਤੱਕ ਦੀ ਕਟੌਤੀ ਕੀਤੀ ਜਾਵੇਗੀ।  

ਰੇਲਵੇ ਨੇ ਕਿਹਾ ਕਿ ਕਿਰਾਏ 'ਚ ਇਹ ਕਟੌਤੀ ਟਰੇਨਾਂ 'ਚ ਸੀਟ ਭਰਨ ਦੇ ਆਧਾਰ 'ਤੇ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਕਿਰਾਇਆ ਆਵਾਜਾਈ ਦੇ ਪ੍ਰਤੀਯੋਗੀ ਢੰਗਾਂ 'ਤੇ ਵੀ ਨਿਰਭਰ ਕਰੇਗਾ।  ਰੇਲਵੇ ਬੋਰਡ ਨੇ ਰੇਲਵੇ ਦੇ ਵੱਖ-ਵੱਖ ਜ਼ੋਨਾਂ ਨੂੰ ਉਨ੍ਹਾਂ ਟਰੇਨਾਂ ਨੂੰ ਰਿਆਇਤਾਂ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਹੈ ਜਿਨ੍ਹਾਂ 'ਚ ਪਿਛਲੇ 30 ਦਿਨਾਂ ਦੌਰਾਨ 50 ਫ਼ੀਸਦੀ ਤੋਂ ਘੱਟ ਸੀਟਾਂ ਹਨ। 

ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਕਿਰਾਏ ਵਿਚ ਕਟੌਤੀ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ। ਭਾਰਤੀ ਰੇਲਵੇ ਕੀਮਤਾਂ ਨੂੰ ਘੱਟ ਕਰਨ ਅਤੇ ਲੋਕਾਂ ਲਈ ਵਧੇਰੇ ਵਿਵਹਾਰਕ ਬਣਾਉਣ ਲਈ ਘੱਟ ਯਾਤਰੀਆਂ ਵਾਲੀਆਂ ਕੁਝ ਛੋਟੀ ਦੂਰੀ ਦੀਆਂ ਵੰਦੇ ਭਾਰਤ ਰੇਲ ਗੱਡੀਆਂ ਦੇ ਕਿਰਾਏ ਦੀ ਸਮੀਖਿਆ ਕਰ ਰਿਹਾ ਸੀ।  
ਰੇਲਵੇ ਬੋਰਡ ਨੇ ਕਿਹਾ ਕਿ ਬੇਸਿਕ ਕਿਰਾਏ 'ਤੇ ਵੱਧ ਤੋਂ ਵੱਧ 25 ਫ਼ੀਸਦੀ ਦੀ ਛੋਟ ਮਿਲੇਗੀ।

ਇਸ ਤੋਂ ਇਲਾਵਾ ਰਿਜ਼ਰਵੇਸ਼ਨ ਫ਼ੀਸ, ਸੁਪਰ ਫਾਸਟ ਸਰਚਾਰਜ, ਜੀ.ਐੱਸ.ਟੀ, ਆਦਿ ਵਰਗੇ ਹੋਰ ਖਰਚੇ ਮੌਜੂਦਾ ਸਮੇਂ ਦੀ ਤਰ੍ਹਾਂ ਹੀ ਲਗਾਏ ਜਾਣਗੇ। ਰੇਲਵੇ ਬੋਰਡ ਨੇ ਕਿਹਾ ਕਿ ਇਹ ਢਿੱਲ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀ ਜਾਵੇਗੀ। ਹਾਲਾਂਕਿ, ਪਹਿਲਾਂ ਤੋਂ ਹੀ ਬੁੱਕ ਕੀਤੇ ਗਏ ਯਾਤਰੀਆਂ ਲਈ ਕਿਰਾਏ ਦਾ ਰਿਫੰਡ ਸਵੀਕਾਰ ਨਹੀਂ ਕੀਤਾ ਜਾਵੇਗਾ।