ਕੇਂਦਰੀ ਮੰਤਰੀ ‘ਸ਼ਾਂਤਨੂ ਠਾਕੁਰ ਨੇ ਤਸਕਰ ਨੂੰ ਜਾਰੀ ਕੀਤਾ’ ਗਊ-ਮਾਸ ਬੰਗਲਾਦੇਸ਼ ਲਿਜਾਣ ਦਾ ਪਾਸ
ਮਹੂਆ ਮੋਇਤਰਾ ਨੇ ਸ਼ੇਅਰ ਕੀਤੀ ਕੇਂਦਰੀ ਮੰਤਰੀ ਵਲੋਂ ਜਾਰੀ ਪਾਸ ਦੀ ਫ਼ੋਟੋ
ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਹੁਣ ਮੋਦੀ ਸਰਕਾਰ ੇ ਕੇਂਦਰੀ ਮੰਤਰੀ ਸ਼ਾਂਤਨੂ ਠਾਕੁਰ ’ਤੇ ਗੰਭੀਰ ਦੋਸ਼ ਲਾਏ ਹਨ। ਮਹੂਆ ਮੋਇਤਰਾ ਨੇ ਅਪਣੇ ਸੋਸ਼ਲ ਮੀਡੀਆ ਐਕਸ ਪੋਸਟ ਰਾਹੀਂ ਦਾਅਵਾ ਕੀਤਾ ਹੈ ਕਿ ਕੇਂਦਰੀ ਜਹਾਜ਼ਰਾਨੀ ਤੇ ਜਲਮਾਰਗ ਰਾਜ ਮੰਤਰੀ ਸ਼ਾਂਤਨੂ ਠਾਕੁਰ ਨੇ ਆਪਣੇ ਲੈਟਰ ਹੈੱਡ ਉਤੇ ਗਊ ਦੇ ਮਾਸ (ਬੀਫ਼) ਦੀ ਤਸਕਰੀ ਕਰਨ ਵਾਲਿਆਂ ਨੂੰ ਬੰਗਲਾਦੇਸ਼ ਸਰਹੱਦ ਪਾਰ ਕਰਵਾਉਣ ਦਾ ਪੱਤਰ ਜਾਰੀ ਕਰ ਰਹੇ ਹਨ। ਮਹੂਆ ਮੋਇਤਰਾ ਨੇ ਉਸ ਪੱਤਰ ਦੀ ਕਾਪੀ ਵੀ ਅਪਣੀ ਪੋਸਟ ਨਾਲ ਜੱਗ ਜ਼ਾਹਿਰ ਕੀਤੀ ਹੈ, ਜੋ ਬਾਕਾਇਦਾ ਲੈਟਰਹੈਡ ’ਤੇ ਹੈ।
ਇਸ ਪੱਤਰ ’ਤੇ ਸਾਫ਼ ਵੇਖਿਆ ਜਾ ਸਕਦਾ ਹੈ ਕਿ ਇਹ 85 ਬਟਾਲੀਅਨ ਬੀਐਸਐਫ਼ ਦੇ ਕੰਪਨੀ ਕਮਾਂਡਰ ਨੂੰ ਜਾਰੀ ਕੀਤਾ ਗਿਆ ਹੈ।
ਇਸ ਪੱਤਰ ਦੇ ਉਪਰ ਖੱਬੇ ਪਾਸੇ ਕੇਂਦਰੀ ਮੰਤਰੀ ਸ਼ਾਂਤਨੂ ਠਾਕੁਰ ਦਾ ਨਾਂਅ ਲਿਖਿਆ ਹੈ। ਇਸ ਵਿਚ ਬੀਐਸਐਫ਼ ਦੀ 85ਵੀਂ ਬਟਾਲੀਅਨ ਦੇ ਕੰਪਨੀ ਕਮਾਂਡਰ ਨੂੰ ਇਕ ਵਿਅਕਤੀ ਦਾ ਨਾਂਅ, ਉਸ ਦਾ ਪਤਾ ਤੇ ਆਧਾਰ ਨੰਬਰ, ਸਾਮਾਨ ਤੇ ਵਜ਼ਨ ਵੀ ਲਿਖਿਆ ਹੈ। ਇਸ ਪੱਤਰ ’ਚ ਜ਼ਿਆਰੁਲ ਗਾਜ਼ੀ ਦੇ ਨਾਂਅ ਦਾ ਪਾਸ ਬਣਵਾਇਆ ਗਿਆ ਹੈ। ਪਤਾ ਹਾਕਮਪੁਰ ਦਿਤਾ ਗਿਆ ਹੈ। ਤਿੰਨ ਕਿਲੋਗ੍ਰਾਮ ਬੀਫ਼ ਸਰਹੱਦ ਪਾਰ ਲਿਜਾਣ ਦੀ ਇਜਾਜ਼ਤ ਦੇਣ ਦੀ ਗੱਲ ਵੀ ਲਿਖੀ ਸਾਫ਼ ਦਿਸਦੀ ਹੈ।
ਮਹੂਆ ਮੋਇਤਰਾ ਦੀ ਇਹ ਪੋਸਟ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਕੇਂਦਰੀ ਮੰਤਰੀ ਸ਼ਾਂਤਨੂ ਠਾਕੁਰ ’ਤੇ ਕਈ ਤਰ੍ਹਾਂ ਦੇ ਸੁਆਲ ਉਠਾਉਣੇ ਸ਼ੁਰੂ ਕਰ ਦਿਤੇ ਹਨ। ਇਕ ਯੂਜ਼ਰ ਨੇ ਲਿਖਿਆ - ‘ਸਤਿਕਾਰਯੋਗ ਗ੍ਰਹਿ ਮੰਤਰੀ ਕ੍ਰਿਪਾ ਕਰ ਕੇ ਇਸ ਕੇਂਦਰੀ ਮੰਰੀ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਕਰਨ।’ ਇਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ - ‘ਕੀ ਇੰਝ ਭਾਜਪਾ ਦਾ ਹਿੰਦੂ ਰਾਸ਼ਟਰ ਬਣਾਇਆ ਜਾਵੇਗਾ?’